ਰਜਿ: ਨੰ: PB/JL-124/2018-20
RNI Regd No. 23/1979

ਸੁਖਬੀਰ ਬਾਦਲ ਵੱਲੋਂ ਲਾਲੀ ਬਾਜਵਾ ਨੂੰ ਹਲਕਾ ਹੁਸ਼ਿਆਰਪੁਰ ਦਾ ਇੰਚਾਰਜ ਥਾਪਿਆ ਗਿਆ

 
BY admin / October 13, 2021
-ਪਾਰਟੀ ਪ੍ਰਧਾਨ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ-ਲਾਲੀ ਬਾਜਵਾ
ਹੁਸ਼ਿਆਰਪੁਰ 13 ਅਕਤੂਬਰ ( ਤਰਸੇਮ ਦੀਵਾਨਾ )  ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਹੁਸ਼ਿਆਰਪੁਰ ਦੀ ਜਿੰਮੇਵਾਰੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਸੌਂਪੀ ਗਈ ਹੈ ਤੇ ਮੈਨੂੰ ਪੂਰੀ ਆਸ ਹੈ ਕਿ ਲਾਲੀ ਬਾਜਵਾ ਪਹਿਲਾ ਦੀ ਤਰ੍ਹਾਂ ਪਾਰਟੀ ਨੂੰ ਮਜਬੂਤੀ ਨਾਲ ਅੱਗੇ ਵਧਾਉਦੇ ਹੋਏ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣਗੇ, ਇਹ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ ਗਿਆ। ਸੁਖਬੀਰ ਬਾਦਲ ਨੇ ਕਿਹਾ ਕਿ ਲਾਲੀ ਬਾਜਵਾ ਅਕਾਲੀ ਦਲ ਦਾ ਜੁਝਾਰੂ ਆਗੂ ਹੈ ਜੋ ਕਿ ਪਿਛਲੇ 30 ਸਾਲਾਂ ਤੋਂ ਪਾਰਟੀ  ਦੀ ਸੇਵਾ ਕਰ ਰਿਹਾ ਹੈ ਤੇ ਇਸ ਦੌਰਾਨ ਚੰਗੇ-ਮਾੜੇ ਦੌਰ ਆਉਣ ਦੇ ਬਾਵਜੂਦ ਵੀ ਬਾਜਵਾ ਪਰਿਵਾਰ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਜੁੜਨ ਵਾਲੇ ਯੂਥ ਤੇ ਸੀਨੀਅਰ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਵੀ ਲਾਲੀ ਬਾਜਵਾ ਦੀ ਤਰ੍ਹਾਂ ਪਾਰਟੀ ਦੇ ਹੁਕਮਾਂ ਨੂੰ ਸਿਰ ਮੱਥੇ ਮੰਨਦੇ ਹੋਏ ਲੋਕਾਂ ਦੀ ਸੇਵਾ ਨੂੰ ਪਹਿਲ ਦੇਣ ਤੇ ਮੈਂ ਸਭ ਨੂੰ ਵਿਸ਼ਵਾਸ਼ ਦਿਵਾਉਦਾ ਹਾਂ ਕਿ ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਪਾਰਟੀ ਦੀ ਬੇਹਤਰੀ ਲਈ ਕੀਤੀ ਗਈ ਮੇਹਨਤ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਇਸ ਮੌਕੇ ਲਾਲੀ ਬਾਜਵਾ ਵੱਲੋਂ ਉਨ੍ਹਾਂ ਨੂੰ ਹਲਕਾ ਇੰਚਾਰਜ ਐਲਾਨੇ ਜਾਣ ਲਈ ਸਭ ਤੋਂ ਪਹਿਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਇਹ ਵਿਸ਼ਵਾਸ਼ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਦੇ ਸੀਨੀਅਰ ਤੇ ਯੂਥ ਆਗੂਆਂ ਨੂੰ ਇਕ ਪਲੇਟਫਾਰਮ ’ਤੇ ਇਕੱਠੇ ਕਰਕੇ ਗੱਠਜੋੜ ਦੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਲਾਲੀ ਬਾਜਵਾ ਨੇ ਇਸ ਸਮੇਂ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 13 ਸੂਤਰੀ ਏਜੰਡੇ ਨੂੰ ਘਰ-ਘਰ ਪਹੁੰਚਾਉਣ ਜੋ ਕਿ ਨਵੇਂ ਪੰਜਾਬ ਦੀ ਉਸਾਰੀ ਦਾ ਰੋਡ ਮੈਪ ਬਣਨ ਜਾ ਰਿਹਾ ਹੈ। ਇਸ ਮੌਕੇ , ਨਰਿੰਦਰ ਸਿੰਘ, ਹਰਜੀਤ ਮਠਾਰੂ, ਹਰਸਿਮਰਨ ਸਿੰਘ ਬਾਜਵਾ, ਸੰਤਬੀਰ ਸਿੰਘ ਬਾਜਵਾ, ਸੁਖਵਿੰਦਰ ਔਜਲਾ, ਅਭੀਜੀਤ ਰਾਣਾ, ਰਣਧੀਰ ਸਿੰਘ ਭਾਰਜ, ਇੰਜ. ਹਰਿੰਦਰਪਾਲ ਸਿੰਘ ਝਿੰਗੜ, ਵਰਿੰਦਰ ਪਰਮਾਰ, ਦਵਿੰਦਰ ਸਿੰਘ ਬੈਂਸ, ਰਵਿੰਦਰਪਾਲ ਮਿੰਟੂ, ਹਿਤੇਸ਼ ਪ੍ਰਾਸ਼ਰ, ਇੰਦਰਜੀਤ ਕੰਗ, ਪੁਨੀਤਇੰਦਰ ਕੰਗ, ਵਿਸ਼ਾਲ ਆਦੀਆ, ਜਪਿੰਦਰ ਅਟਵਾਲ, ਗੁਰਪ੍ਰੀਤ ਕੋਹਲੀ ਆਦਿ ਵੀ ਮੌਜੂਦ ਸਨ।