ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਦੇ ਤਿੰਨ ਸ਼ਹੀਦ ਜਵਾਨਾਂ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸਸਕਾਰ
 
BY admin / October 13, 2021
ਪਚਰੰਡਾ (ਰੂਪਨਗਰ), 13 ਅਕਤੂਬਰ, (ਯੂ.ਐਨ.ਆਈ.)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਸਿਪਾਹੀ ਗੱਜਣ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਜਿਨਾਂ ਦਾ ਸਸਕਾਰ ਅੱਜ ਰੂਪਨਗਰ ਜ਼ਿਲੇ ਵਿਚ ਉਨਾਂ ਦੇ ਜੱਦੀ ਪਿੰਡ ਪਚਰੰਡਾ ਵਿਖੇ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ। ਮੁੱਖ ਮੰਤਰੀ ਨੇ ਸ਼ਹੀਦ ਦੀ ਅਰਥੀ ਨੂੰ ਮੋਢਾ ਦਿੱਤਾ ਜਿਨਾਂ ਨਾਲ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਸ਼ਾਮਲ ਹੋਏ। ਇਸ ਦੌਰਾਨ ਮੁੱਖ ਮੰਤਰੀ ਨੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਅਰਦਾਸ ਵਿਚ ਵੀ ਸ਼ਾਮਲ ਹੋਏ। ਉਨਾਂ ਨੇ ਸ਼ਹੀਦ ਦੇ ਪਿਤਾ ਅਤੇ ਭਤੀਜੇ ਨਾਲ ਸੂਰਬੀਰ ਸੈਨਿਕ ਦੀ ਚਿਖਾ ਨੂੰ ਅਗਨੀ ਵੀ ਦਿਖਾਈ। ਸ਼ਹੀਦ ਗੱਜਣ ਸਿੰਘ ਨੇ 11 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਵਿਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਲਾਸਾਨੀ ਕੁਰਬਾਨੀ ਦੇ ਦਿੱਤੀ। ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਗੱਜਣ ਸਿੰਘ ਦੀ ਲਾਮਿਸਾਲ ਕੁਰਬਾਨੀ ਬਾਕੀ ਸੈਨਿਕਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਆਪਣੀ ਡਿਊਟੀ ਹੋਰ ਵੀ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਸਦਾ ਪ੍ਰੇਰਿਤ ਕਰਦੀ ਰਹੇਗੀ।
ਫਤਿਹਗੜ੍ਹ ਚੂੜੀਆਂ, (ਜਸ਼ਨਪ੍ਰੀਤ ਸਿੰਘ ਪੁਰੇਵਾਲ )- ਜੰਮੂ ਡਿਵੀਜਨ ਅਧੀਨ ਜਿਲਾ ਰਜੌਰੀ ਸੈਕਟਰ ਵਿੱਚ ਸਹੀਦ ਹੋਏ ਪਿੰਡ ਚੱਠਾ ਦੇ ਸਹੀਦ ਮਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੱਜ ਬਾਅਦ ਦੁਪੈਹਿਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੈਨਾ ਦੇ ਅਧਿਕਾਰੀਆਂ ਵੱਲੋਂ ਸਹੀਦ ਨੂੰ ਸਲਾਮੀ ਦਿੱਤੀ ਗਈ। ਸਹੀਦ ਮਨਦੀਪ ਸਿੰਘ ਦੀ ਤਿਰੰਗੇ ਵਿੱਚ ਲਿਪਟੀ ਮਿ੍ਰਤਕ ਦੇਹ ਜਦੋਂ ਪਿੰਡ ਚੱਠਾ ਪਹੁੰਚੀ ਤਾਂ ਸਹੀਦ ਮਨਦੀਪ ਸਿੰਘ ਅਮਰ ਰਹੇ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ ਅਤੇ ਮਹੌਲ ਬੇਹੱਦ ਗਮਗੀਨ ਹੋ ਗਿਆ। ਸਹੀਦ ਨੂੰ ਸਰਧਾਂਜਲੀ ਦੇਣ ਲਈ ਪਿੰਡ ਚੱਠਾ ਵਿਖੇ ਦੂਰ -ਦੂਰ ਤੋਂ ਲੋਕ ਵੱਡੀ ਗਿਣਤੀ ਵਿੱਚ ਸਾਮਿਲ ਹੋਏ। ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਐੱਸ.ਐੱਸ.ਪੀ. ਗੁਰਦਾਸਪੁਰ ਨਾਨਕ ਸਿੰਘ ਅਤੇ ਸੈਨਾ ਦੇ ਉੱਚ ਅਧਿਕਾਰੀਆਂ ਨੇ ਪਿੰਡ ਚੱਠਾ ਵਿਖੇ ਪਹੁੰਚ ਕੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਨਾਇਕ ਮਨਦੀਪ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਸਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤਿ੍ਰਪਤ ਬਾਜਵਾ ਨੇ ਸ਼ਹੀਦ ਦੇ ਪਿਤਾ ਇੰਦਰ ਸਿੰਘ, ਮਾਤਾ ਮਨਜੀਤ ਕੌਰ, ਸ਼ਹੀਦ ਦੀ ਪਤਨੀ ਮਨਦੀਪ ਕੌਰ ਅਤੇ ਸਹੀਦ ਦੇ ਭਰਾਵਾ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਂਸਲਾ ਦਿੰਦਿਆਂ ਕਿਹਾ ਕਿ ਨਾਇਕ ਮਨਦੀਪ ਸਿੰਘ ਦੀ ਸ਼ਹਾਦਤ ’ਤੇ ਪੂਰੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੇ ਸਮੇਂ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਦੇ ਨਾਲ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਹਰ ਤਰਾਂ ਨਾਲ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ।
ਨੂਰਪੁਰਬੇਦੀ, (ਜਗਤਾਰ ਜੱਗੀ )- ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ’ਚ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਬਲਾਕ ਨੂਰਪੁਰਬੇਦੀ ਦੇ ਪਿੰਡ ਪਚਰੰਡਾ ਦੇ ਸੈਨਿਕ ਗੱਜਣ ਸਿੰਘ ਦਾ ਅੱਜ ਪਿੰਡ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਰੂਪ ’ਚ ਸ਼ਹੀਦ ਗੱਜਣ ਸਿੰਘ ਨੂੰ ਸਰਧਾਂਜ਼ਲੀ ਦੇਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਸ਼ਹੀਦ ਦੀ ਮਿ੍ਰਤਕ ਦੇਹ ਨੂੰ ਮੋਢਾ ਲਗਾ ਕੇ ਸ਼ਮਸ਼ਾਨਘਾਟ ਤੱਕ ਆਏ। ਉਨਾਂ ਤੋਂ ਇਲਾਵਾ ਅੰਤਿਮ ਯਾਤਰਾ ’ਚ ਕਈ ਰਾਜਨੀਤਿਕ ਸਖਸ਼ੀਅਤਾਂ ਤੋਂ ਇਲਾਵਾ ਜ਼ਿਲੇ ਦੇ ਪ੍ਰਸ਼ਾਸ਼ਨਿਕ ਤੇ ਸਿਵਲ ਅਧਿਕਾਰੀਆਂ ਸਹਿਤ ਲੋਕਾਂ ਦਾ ਭਾਰੀ ਜਨ ਸੈਲਾਬ ਉਮੜਿਆ। ਜ਼ਿਕਰਯੋਗ ਹੈ ਕਿ 11 ਅਕਤੂਬਰ ਨੂੰ ਪੁੰਛ ਵਿਖੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਪੰਜਾਬ ਦੇ 5 ਸੈਨਿਕ ਸ਼ਹੀਦ ਹੋ ਗਏ ਸਨ ਤੇ ਜਿਨਾਂ ’ਚ 23 ਸਿੱਖ ਰੈਜੀਮੈਂਟ ਦਾ ਜਵਾਨ ਗੱਜਣ ਸਿੰਘ ਵੀ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਅੱਜ 2 ਦਿਨਾਂ ਬਾਦ ਸੈਨਿਕ ਦੀ ਮਿ੍ਰਤਕ ਦੇਹ ਨੂੰ ਤਿਰੰਗੇ ’ਚ ਲਪੇਟ ਕੇ ਉਸਦੇ ਗ੍ਰਹਿ ਪਿੰਡ ਪਚਰੰਡਾ ਵਿਖੇ ਲਿਆਂਦਾ ਗਿਆ ਜਿੱਥੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਲੋਕਾਂ ਨੇ ਸ਼ਹੀਦ ਦੇ ਅੰਤਿਮ ਦਰਸ਼ਨ ਕੀਤੇ। ਇਸਤੋਂ ਉਪਰੰਤ ਸ਼ਹੀਦ ਦੀ ਦੇਹ ਨੂੰ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ ਜਿੱਥੇ ਸੈਨਾ ਦੀ ਟੁੱਕੜੀ ਨੇ ਹਵਾਈ ਫਾਇਰ ਕਰ ਕੇ ਸ਼ਹੀਦ ਨੂੰ ਸਲਾਮੀ ਦਿੱਤੀ। ਇਸਤੋਂ ਉਪਰੰਤ ਫੋਜ਼ ਤੇ ਜ਼ਿਲੇ ਦੇ ਤਮਾਮ ਅਧਿਕਾਰੀਆਂ ਵੱਲੋ ਸ਼ਰਧਾਂਜ਼ਲੀ ਦੇਣ ਉਪਰੰਤ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਨੂੰ ਫੁੱਲ ਮਾਲਾਵਾਂ ਭੇਂਟ ਕਰ ਕੇ ਸ਼ਰਧਾਂਜ਼ਲੀ ਦਿੱਤੀ। ਇਸ ਦੌਰਾਨ ਲੋਕਾਂ ਵੱਲੋਂ ਸ਼ਹੀਦ ਗੱਜਣ ਸਿੰਘ ਅਮਰ ਰਹੇ ਦੇ ਲਗਾਏ ਜਾ ਨਾਅਰੇ ਸੁਣ ਕੇ ਇਕ ਵਾਰ ਮੁੱਖ ਮੰਤਰੀ ਚੰਨੀ ਦੀਆਂ ਅੱਖਾਂ ’ਚੋਂ ਵੀ ਹੰਝੂ ਛਲਕ ਪਏ। ਇਸ ਮੌਕੇ ਉਨਾਂ ਨਾਲ ਪਹੁੰਚੇ ਪੰਜਾਬ ਵਿਧਾਨ ਸਭਾ ਪੰਜਾਬ ਦੇ ਸਪੀਕਰ ਰਾਣਾ.ਕੇ.ਪੀ.ਸਿੰਘ ਨੇ ਸ਼ਹੀਦ ਨੂੰ ਫੁੱਲ ਮਾਲਾਵਾਂ ਭੇਂਟ ਕਰ ਕੇ ਸ਼ਰਧਾਂਜ਼ਲੀ ਦਿੱਤੀ। ਜਦਕਿ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰੀ ਨੇ ਸ਼ਹੀਦ ਦੀ ਮਿ੍ਰਤਕ ਦੇਹ ’ਤੇ ਫੁੱਲਮਾਲਾਵਾਂ ਚੜਾਈਆਂ ਅਤੇ ਸ਼ਹੀਦ ਦੀ ਵਿਧਵਾ ਹਰਪ੍ਰੀਤ ਕੌਰ ਨੂੰ ਸ਼ੋਕ ਪੱਤਰ ਸੋਂਪਿਆ। ਉਪਰੰਤ ਸ਼ਹੀਦ ਦੀ ਚਿਖਾ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਅਗਨੀ ਦਿਖਾਈ। ਇਸ ਮੌਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘੂਵੀਰ ਸਿੰਘ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾ. ਸੰਸਦ ਪ੍ਰੇਮ ਸਿੰਘ ਚੰਦੂਮਾਜਰਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਸਤਵਿੰਦਰ ਸਿੰਘ ਚੈੜੀਆਂ, ਨਗਰ ਪੰਚਾਇਤ ਦੇ ਸਾ. ਪ੍ਰਧਾਨ ਜਗਨ ਨਾਥ ਭੰਡਾਰੀ, ਸਤਨਾਮ ਸਿੰਘ ਝੱਜ, ਬਾਬਾ ਦਿਲਬਾਗ ਸਿੰਘ, ਅਸ਼ਵਨੀ ਸ਼ਰਮਾ, ਮਾ. ਰਾਮਪਾਲ ਅਬਿਆਣਾ, ਮੋਹਣ ਸਿੰਘ ਨੌਧੇਮਾਜਰਾ, ਤਿਲਕ ਰਾਜ ਪਚਰੰਡਾ, ਭਾਈ ਅਮਰਜੀਤ ਸਿੰਘ ਚਾਵਲਾ, ਦੇਸਰਾਜ ਸੈਣੀਮਾਜਰਾ, ਜਸਵੀਰ ਸਸਕੌਰ ਤੇ ਜੀਵਨ ਕੁਮਾਰ ਸੰਜੂ ਸਹਿਤ ਭਾਰੀ ਸੰਖਿਆ ’ਚ ਸਖਸ਼ੀਅਤਾਂ ਨੇ ਸ਼ਹੀਦ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਇਸਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਸ਼ਹੀਦ ਦੇ ਪਿਤਾ ਚਰਨ ਸਿੰਘ, ਮਾਤਾ ਮਲਕੀਤ ਕੌਰ, ਪਤਨੀ ਹਰਪ੍ਰੀਤ ਕੌਰ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਦਿਲਾਸਾ ਦਿੰਦਿਆਂ ਆਖਿਆ ਕਿ ਸ਼ਹੀਦ ਗੱਜਣ ਸਿੰਘ ਸਮੇਤ ਸਮੁੱਚੇ ਜਵਾਨਾਂ ਦੀ ਸ਼ਹਾਦਤ ਨੂੰ ਦੇਸ਼ ਵਾਸੀਆਂ ਵੱਲੋਂ ਸਦਾ-ਸਦਾ ਲਈ ਯਾਦ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਸੈਨਿਕਾਂ ਦੀ ਸ਼ਹਾਦਤ ਵਾਲੇ ਦਿਨ ਹੀ ਮੁੱਖ ਮੰਤਰੀ ਚੰਨੀ ਵੱਲੋਂ ਸ਼ਹੀਦ ਸੈਨਿਕਾਂ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਐਕਸ-ਗ੍ਰੇਸ਼ਿਆ ਗ੍ਰਾਂਟ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ ਤੇ ਇਸ ਪਿ੍ਰਰਿਆ ਲਈ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਨੁਸਾਰ ਸ਼ਹੀਦ ਸੈਨਿਕਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਦਸਤਾਵੇਜ਼ੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।  
ਕਪੂਰਥਲਾ, (ਇੰਦਰਜੀਤ ਸਿੰਘ/ਗੁਰਦੇਵ ਸਿੰਘ/ਆਸੀਸ)- ਸ਼ਹੀਦ ਨਾਇਬ ਸੂਬੇਦਾਰ ਸ. ਜਸਵਿੰਦਰ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਾਨਾ ਤਲਵੰਡੀ ਵਿਖੇ ਪੂਰੇ ਮਿਲਟਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਹੋਇਆ। ਸ਼ਹੀਦ ਦੀ ਚਿਖਾ ਨੂੰ ਅਗਨੀ ਸ਼ਹੀਦ ਦੇ 13 ਸਾਲਾ ਪੁੱਤਰ ਵਿਕਰਮਜੀਤ ਸਿੰਘ ਨੇ ਦਿੱਤੀ।  ਸ਼ਹੀਦ ਜਸਵਿੰਦਰ ਸਿੰਘ ਜੋ ਕਿ ਬਹਾਦੁਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਸੀ, ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਵਿਖੇ ਘਾਤ ਲਗਾਕੇ ਕੀਤੇ ਇਕ ਅੱਤਵਾਦੀ ਹਮਲੇ ਵਿਚ ਸ਼ਹਾਦਤ ਪਾ ਗਏ ਸਨ। ਅੱਜ ਸਵੇਰੇ ਭਾਰਤੀ ਫੌਜ ਵਲੋਂ ਉੁਨ੍ਹਾਂ ਦੀ ਮਿ੍ਤਕ ਦੇਹ ਪੂਰੇ ਫੌਜੀ ਸਨਮਾਨਾਂ ਨਾਲ ਪਿੰਡ ਮਾਨਾ ਤਲਵੰਡੀ ਵਿਖੇ ਲਿਆਂਦੀ ਗਈ, ਜਿਥੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਪ੍ਰਸ਼ਾਸਕੀ , ਪੁਲਿਸ ਅਤੇ ਭਾਰਤੀ ਫੌਜ ਦੇ ਉੱਚ ਅਧਿਕਾਰੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਸ਼ਹੀਦ ਜਸਵਿੰਦਰ ਸਿੰਘ ਦੀ ਸ਼ਹਾਦਤ ਨੂੰ ਨਮਨ ਕੀਤਾ।  ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਦੀ ਤਰਫੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸਪੀਕਰ ਲੋਕ ਸਭਾ ਸ੍ਰੀ ਓਮ ਬਿਰਲਾ ਦੀ ਤਰਫੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੀ ਤਰਫੋਂ ਐਸ.ਐਸ.ਪੀ ਕਪੂਰਥਲਾ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ,ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਜਿਨ੍ਹਾਂ ਕੋਲ ਡਿਫੈਂਸ ਸਰਵਿਸਸ ਦਾ ਵੀ ਚਾਰਜ਼ ਹੈ, ਦੀ ਤਰਫੋਂ ਜ਼ਿਲ੍ਹਾ ਸੈਨਿਕ ਭਲਾਈ ਅਫਸਰ ਕਰਨਲ ਦਲਵਿੰਦਰ ਸਿੰਘ ਨੇ ਸ਼ਹੀਦ ਜਸਵਿੰਦਰ ਸਿੰਘ ਨੂੰ ਰੀਥ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵਲੋਂ ਸ਼ਹੀਦ ਜਸਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਭੇਜਿਆ ਸ਼ੋਕ ਸੁਨੇਹਾ ਉਨ੍ਹਾਂ ਦੀ ਪਤਨੀ ਨੂੰ ਸੌਂਪਿਆ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਵਲੋਂ ਵਿਸ਼ੇਸ਼ ਤੌਰ ’ਤੇ ਸ਼ਹੀਦ ਜਸਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ‘ਪੰਜਾਬ ਦੇ ਮੁੱਖ ਮੰਤਰੀ ਵਲੋਂ ਕੀਤੇ ਐਲਾਨ ਅਨੁਸਾਰ ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੀ ਤਰਫੋਂ 50 ਲੱਖ ਰੁਪਏ ਅਤੇ ਇਕ ਮੈਂਬਰ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਦਿੱਤੀ ਜਾਵੇਗੀ, ਜਿਸ ਲਈ ਸਾਰੀ ਪ੍ਰਸ਼ਾਸ਼ਕੀ ਕਾਰਵਾਈ ਬਹੁਤ ਜਲਦ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਦੇਸ਼ ਦੀ ਰਾਖੀ ਲਈ ਸ਼ਹੀਦ ਹੋਏ ਜਸਵਿੰਦਰ ਸਿੰਘ ਨੂੰ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰਾ ਕਰਾਰ ਦਿੰਦਿਆਂ ਕਿਹਾ ਕਿ ‘ਪੰਜਾਬ ਦੇ ਲੋਕਾਂ ਨੂੰ ਦੇਸ਼ ਦੀ ਸੁਰੱਖਿਆ ਲਈ ਕੁਰਬਾਨ ਹੋਣ ਦੀ ਗੁੜ੍ਹਤੀ ਵਿਰਾਸਤ ਵਿਚੋਂ ਮਿਲੀ ਹੈ ਅਤੇ ਪੰਜਾਬ ਦੇ ਸੂਰਬੀਰਾਂ ਨੇ ਹਮੇਸ਼ਾ ਮੋਹਰੇ ਹੋ ਕੇ ਕੁਰਬਾਨੀਆਂ ਦਿੱਤੀਆਂ ਹਨ। ਉਨਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹੀਦ ਜਸਵਿੰਦਰ ਸਿੰਘ ਦੇ ਪਰਿਵਾਰ ਦੀ ਵੱਧ ਤੋਂ ਵੱਧ ਸਹਾਇਤਾ ਕਰਨ।  ਇਸ ਮੌਕੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ,ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਨੂਪ ਕੱਲਣ,ਐਸ.ਡੀ.ਐਮ ਡਾ.ਜੈ ਇੰਦਰ ਸਿੰਘ,ਐਸ.ਪੀ ਸਮੀਰ ਕੌਸ਼ਿਕ ਤੋਂ ਇਲਾਵਾ 4 ਮੈਕ ਇੰਨਫੈਂਟਰੀ (ਫਸਟ ਸਿਖ) ਜੋ ਕਿ ਸ਼ਹੀਦ ਜਸਵਿੰਦਰ ਸਿੰਘ ਦੀ ਰਜਿਮੈਂਟ ਸੀ, ਦੇ ਅਧਿਕਾਰੀਆਂ, ਡਿਫੈਂਸ ਸਰਵਿਸਸ,ਪੰਜਾਬ ਸਰਕਾਰ ਦੇ ਅਧਿਕਾਰੀਆਂ,ਭਾਰਤੀ ਫੌਜ ਦੇ ਅਧਿਕਾਰੀਆਂ, ਸਾਬਕਾ ਸੈਨਿਕਾਂ , ਸ਼ਹੀਦ ਜਸਵਿੰਦਰ ਸਿੰਘ ਦੀ ਧੀ, ਪੁੱਤਰ ਨੇ ਵੀ ਰੀਥ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਭਾਰਤੀ ਫੌਜ ਦੇ ਜਵਾਨਾਂ ਵਲੋਂ ਹਵਾਈ ਫਾਇਰ ਕਰਕੇ ਸ਼ਹੀਦ ਜਸਵਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਵਰਦੀ ਅਤੇ ਤਿਰੰਗਾ ਸ਼ਹੀਦ ਜਸਵਿੰਦਰ ਦੇ ਪਰਿਵਾਰ ਨੂੰ ਸੌਂਪਿਆ ਗਿਆ।  ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਪ੍ਰਸ਼ਾਸ਼ਕੀ ਅਧਿਕਾਰੀ, ਧਾਰਮਿਕ ਸਖਸ਼ੀਅਤਾਂ ਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।