ਰਜਿ: ਨੰ: PB/JL-124/2018-20
RNI Regd No. 23/1979

ਲਖੀਮਪੁਰ ਹਿੰਸਾ ’ਤੇ ਕਾਂਗਰਸੀ ਵਫ਼ਦ ਦੀ ਰਾਸ਼ਟਰਪਤੀ ਨਾਲ ਮੁਲਾਕਾਤ
 
BY admin / October 13, 2021
ਨਵੀਂ ਦਿੱਲੀ, 13 ਅਕਤੂਬਰ, (ਯੂ.ਐਨ.ਆਈ.)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਇੱਕ ਪਾਰਟੀ ਵਫਦ ਨੇ ਅੱਜ ਲਖੀਮਪੁਰ ਖੀਰੀ ਹਿੰਸਾ ਮਾਮਲੇ ਸਬੰਧੀ ਰਾਸਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੀੜਤ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਿਆਂ ਮਿਲੇ। ਉਨ੍ਹਾਂ ਕਿਹਾ ਕਿ ਕਤਲ ਕਰਨ ਵਾਲੇ ਵਿਅਕਤੀ ਦੇ ਪਿਤਾ ਭਾਰਤ ਦੇ ਗ੍ਰਹਿ ਮੰਤਰੀ ਹਨ , ਇਸੇ ਲਈ ਜਦੋਂ ਤੱਕ ਉਹ ਮੰਤਰੀ ਹਨ , ਸਹੀ ਨਿਆਂ ਨਹੀਂ ਕੀਤਾ ਜਾ ਸਕਦਾ। ਰਾਹੁਲ ਨੇ ਕਿਹਾ ਕਿ ਅਸੀਂ ਰਾਸਟਰਪਤੀ ਨੂੰ ਇਹ ਦੱਸਿਆ ਸੀ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਪਰਿਵਾਰ ਦੀ ਨਹੀਂ ਬਲਕਿ ਭਾਰਤ ਦੀ ਆਵਾਜ ਹੈ। ਰਾਹੁਲ ਨੇ ਅੱਗੇ ਕਿਹਾ ਕਿ ਜੇਕਰ ਪਿਤਾ ਮੰਤਰੀ ਹਨ ਤਾਂ ਨਿਰਪੱਖ ਜਾਂਚ ਕਿਵੇਂ ਹੋਵੇਗੀ ? ਪਿ੍ਰਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਰਾਸਟਰਪਤੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਅੱਜ ਹੀ ਸਰਕਾਰ ਨਾਲ ਇਸ ਮੁੱਦੇ ‘ ਤੇ ਚਰਚਾ ਕਰਨਗੇ। ਅਸੀਂ ਗ੍ਰਹਿ ਰਾਜ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਪੀੜਤ ਪਰਿਵਾਰ ਸਿਰਫ ਇਨਸਾਫ ਚਾਹੁੰਦੇ ਹਨ। ਉਹ ਮੌਜੂਦਾ ਜੱਜ ਤੋਂ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ। ਮੁੱਖ ਦੋਸੀ ਆਸੀਸ ਮਿਸਰਾ ਦੇ ਪਿਤਾ ਕੇਂਦਰੀ ਮੰਤਰੀ ਅਜੈ ਮਿਸਰਾ ਨੂੰ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਪਿ੍ਰਯੰਕਾ ਗਾਂਧੀ ਨੇ ਕਿਹਾ ਕਿ ਉਨ੍ਹਾਂ ( ਕੇਂਦਰੀ ਗ੍ਰਹਿ ਰਾਜ ਮੰਤਰੀ ) ਨੂੰ ਬਰਖਾਸਤ ਕਰਨ ਦੀ ਮੰਗ ਕਾਂਗਰਸ ਦੀ ਮੰਗ ਨਹੀਂ , ਸਾਡੇ ਸਾਥੀਆਂ ਦੀ ਮੰਗ ਨਹੀਂ , ਇਹ ਲੋਕਾਂ ਦੀ ਮੰਗ ਹੈ ਤੇ ਕਿਸਾਨ ਪਰਿਵਾਰਾਂ ਦੀ ਮੰਗ ਹੈ। ਦੱਸ ਦਈਏ ਕਿ ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਨੇ ਅੱਗੇ ਕਿਹਾ ਕਿ ਅਸੀਂ ਰਾਸਟਰਪਤੀ ਨੂੰ ਕਿਹਾ ਕਿ ਮੰਤਰੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਤੇ ਸੁਪਰੀਮ ਕੋਰਟ ਦੇ ਦੋ ਮੌਜੂਦਾ ਜੱਜਾਂ ਤੋਂ ਜਾਂਚ ਹੋਣੀ ਚਾਹੀਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕਾਂਗਰਸ ਦੇ ਵਫਦ ਨੇ ਰਾਸਟਰਪਤੀ ਨੂੰ ਇਸ ਘਟਨਾ ਦੇ ਤੱਥਾਂ ਨਾਲ ਸਬੰਧਤ ਮੰਗ ਪੱਤਰ ਵੀ ਸੌਂਪਿਆ। ਕਾਂਗਰਸ ਦੇ ਪੰਜ ਮੈਂਬਰੀ ਵਫਦ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ , ਸੀਨੀਅਰ ਨੇਤਾ ਏਕੇ ਐਂਟਨੀ , ਗੁਲਾਮ ਨਬੀ ਆਜਾਦ , ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਸਾਮਲ ਸੀ।