ਰਜਿ: ਨੰ: PB/JL-124/2018-20
RNI Regd No. 23/1979

ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਫ਼ਿਰ ਹੋਇਆ ਬੰਦ

BY admin / October 14, 2021
ਚੰਡੀਗੜ੍ਹ, 14 ਅਕਤੂਬਰ, (ਰਾਜ ਕੁਮਾਰ ਵਰਮਾ)- ਲਹਿਰਾ ਮੁਹੱਬਤ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ-ਇੱਕ ਯੂਨਿਟ ਮੁੜ ਤੋਂ ਬੰਦ ਹੈ, ਜਿਸ ਕਾਰਨ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਸਾਹਮਣੇ ਆਈ ਹੈ। ਇਨ੍ਹਾਂ ਥਰਮਲਾਂ ਦਾ ਹੀ ਇਕ ਹੋਰ ਯੂਨਿਟ ਪਹਿਲਾਂ ਤੋਂ ਹੀ ਤਕਨੀਕੀ ਕਾਰਨਾਂ ਕਾਰਨ ਬੰਦ ਹਨ ,ਜਦਕਿ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ ਤਿੰਨ ਵਿਚ ਬੰਦ ਹੈ। ਤਲਵੰਡੀ ਸਾਬੋ ਦੇ 660 ਮੈਗਾਵਾਟ ਦੇ ਦੋ ਯੂਨਿਟ, ਰੋਪੜ ਪਲਾਂਟ ਦਾ 210 ਮੈਗਾਵਾਟ ਦਾ ਇਕ ਯੂਨਿਟ ਅਤੇ ਲਹਿਰਾ ਮੁਹੱਬਤ ਪਲਾਂਟ ਦੇ 210 ਮੈਗਾਵਾਟ ਤੇ 250 ਮੈਗਾਵਾਟ ਵਾਲੇ ਯੂਨਿਟ ਬੰਦ ਹਨ। ਇਨ੍ਹਾਂ ਪਲਾਂਟਾਂ ਦੇ ਯੂਨਿਟ ਬੰਦ ਹੋਣ ਨਾਲ ਪਾਵਰਕੌਮ ਨੇ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਦਰਜ ਕੀਤੀ ਹੈ, ਜਿਸ ਨਾਲ ਸੂਬੇ ਵਿੱਚ ਬਿਜਲੀ ਦੀ ਮੰਗ ਪੂਰੀ ਕਰਨਾ ਹੋਰ ਵੀ ਔਖਾ ਹੋ ਗਿਆ ਹੈ। ਦੱਸਿਆ ਜਾਂਦਾ ਹੈ ਕਿ ਕੋਲੇ ਦੀ ਘਾਟ ਕਰਕੇ ਜਿਥੇ ਇਕ ਪਾਸੇ ਪਾਵਰਕੌਮ ਬਾਹਰੋਂ ਮਹਿੰਗੀ ਬਿਜਲੀ ਖਰੀਦ ਰਿਹਾ ਹੈ, ਉਥੇ ਹੀ ਮੰਗ ਪੂਰੀ ਨਾ ਹੋਣ ਕਰਕੇ ਲੋਕਾਂ ਨੂੰ ਪਾਵਰ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਫਿਰ ਤੋਂ ਬਿਜਲੀ ਉਤਪਾਦਨ ਘਟਣ ਨਾਲ ਪੰਜਾਬ ਨੂੰ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ‘ਚ ਬਿਜਲੀ ਦੀ ਮੰਗ ਵਿੱਚ ਤੇਜੀ ਕਾਰਨ ਖਪਤਕਾਰਾਂ ਨੂੰ ਲੰਮੇ ਕੱਟਾਂ ਤੋਂ ਰਾਹਤ ਨਹੀਂ ਮਿਲੀ। ਦੱਸ ਦੇਈਏ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕੌਮ ) ਨੇ ਕੋਲਾ ਸੰਕਟ ਨਾਲ ਨਜਿੱਠਣ ਲਈ 311 ਕਰੋੜ ਦੀ ਬਿਜਲੀ 13 ਦਿਨਾਂ ਵਿਚ ਖਰੀਦੀ ਹੈ। ਸੂਤਰਾਂ ਅਨੁਸਾਰ ਪਾਵਰਕਾਮ ਨੇ 12 ਅਕਤੂਬਰ ਨੂੰ 36.42 ਕਰੋੜ ਰੁਪਏ ਦੀ ਬਿਜਲੀ ਖਰੀਦੀ, ਜਦੋਂ ਕਿ 13 ਅਕਤੂਬਰ ਨੂੰ 30 ਕਰੋੜ ਦੀ ਬਿਜਲੀ ਖਰੀਦੀ ਗਈ ਹੈ। ਕੋਲੇ ਕਾਰਨ ਪੰਜਾਬ ਵਿਚ ਥਰਮਲ ਪਲਾਟਾਂ ਤੋਂ ਬਿਜਲੀ ਪੈਦਾ ਕਰਨ ਵਿਚ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।