ਰਜਿ: ਨੰ: PB/JL-124/2018-20
RNI Regd No. 23/1979

ਸ਼ਰਧਾ ਭਾਵਨਾ ਨਾਲ ਮਨਾਈ ਗਈ 400 ਸਾਲਾ ‘ਬੰਦੀ ਛੋੜ ਸ਼ਤਾਬਦੀ’
 
BY admin / October 15, 2021
-ਸਮੂਹ ਪੰਥਕ ਜਥੇਬੰਦੀਆਂ ਸਾਮਲ ਹੋਈਆਂ
-ਪੰਥ ਪ੍ਰਸਿੱਧ ਰਾਗੀ ਢਾਡੀ ਅਤੇ ਕਥਾ ਵਾਚਕਾਂ ਨੇ ਗੁਰੂ ਜਸ ਸਰਵਣ ਕਰਵਾਇਆ  
ਖਡੂਰ ਸਾਹਬ,15 ਅਕਤੂਬਰ(ਹਰਪਾਲ ਸਿੰਘ ਕੰਗ,ਸੰਧੂ)
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਜਹਾਂਗੀਰ ਵੱਲੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤੇ 52 ਹਿੰਦੂ ਰਾਜਪੂਤ ਰਾਜਿਆਂ ਨੂੰ ਰਿਹਾਅ  ਕਰਵਾਉਣ ਦੇ ਬੰਦੀ ਛੋੜ ਦਿਵਸ ਦੀ 400 ਸਾਲਾ ਸ਼ਤਾਬਦੀ, ਸਮੂਹ ਖਾਲਸਾ ਪੰਥ ਵੱਲੋਂ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ 4, 5 ਅਤੇ 6 ਅਕਤੂਬਰ ਨੂੰ ਬੜੀ ਸ਼ਰਧਾ-ਭਾਵਨਾ ਨਾਲ ਮਨਾਈ ਗਈ।
4 ਅਕਤੂਬਰ ਤੋਂ ਸ਼ਤਾਬਦੀ ਸਮਾਗਮਾਂ ਦੀ ਆਰੰਭਤਾ ਹੋਈ, ਜੋ ਲਗਾਤਾਰ 6 ਅਕਤੂਬਰ ਤੱਕ ਚੱਲਦੇ ਰਹੇ।ਤਿੰਨ ਦਿਨ ਦੇ ਇਨ੍ਹਾਂ ਸਮਾਗਮਾਂ ਵਿੱਚ ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਥੇ ਜਿਕਰਯੋਗ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਆਰੰਭ ਕੀਤੀ ਗਈ ਇਤਿਹਾਸਕ ਸ਼ਬਦ ਚੌਂਕੀ ਯਾਤਰਾ ਦੀ ਯਾਦ ਵਿਚ, 6 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੈਦਲ ਸ਼ਬਦ ਚੌਂਕੀ ਯਾਤਰਾ ਆਰੰਭ ਹੋਈ, ਜੋ 28 ਦਿਨਾਂ ਵਿੱਚ 850 ਕਿ.ਮੀ. ਸਫਰ ਤੈਅ ਕਰਕੇ 3 ਅਕਤੂਬਰ ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਖੇ ਪਹੁੰਚੀ।
ਇਹ ਉਪਰਾਲਾ ਉਸ ਇਤਿਹਾਸਿਕ ਸ਼ਬਦ ਚੌਂਕੀ ਦੀ ਯਾਦ ਨੂੰ ਤਾਜ਼ਾ ਕਰਨ ਹਿੱਤ ਸੀ, ਜਿਸ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਵਿੱਚ ਸਨ ਅਤੇ ਬਾਬਾ ਬੁੱਢਾ ਸਾਹਿਬ ਜੀ ਦੀ ਪ੍ਰੇਰਣਾ ਦੁਆਰਾ ਸੰਗਤਾਂ ਇਸੇ ਢੰਗ ਨਾਲ ਗੁਰਬਾਣੀ ਕੀਰਤਨ ਕਰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੈਦਲ ਚੱਲ ਕੇ ਗਵਾਲੀਅਰ ਪਹੁੰਚ ਕੇ ਕਿਲ੍ਹੇ ਦੀ ਪਰਕਰਮਾਂ ਕਰਕੇ ਵਾਪਿਸ ਪਰਤਦੀਆਂ ਸਨ।
4 ਤੋਂ 6 ਅਕਤੂਬਰ ਤੱਕ ਗਵਾਲੀਅਰ ਵਿਖੇ ਗੁਰਦੁਆਰਾ ਦਾਤਾ ਬੰਦੀ ਛੋੜ ਸਾਹਿਬ ਵਿਖੇ ਹੋਏ ਸਮਾਗਮਾਂ ਦੌਰਾਨ, ਅੰਮ੍ਰਿਤ ਵੇਲੇ ਨਿਤਨੇਮ, ਸੰਧਿਆ ਵੇਲੇ ਮੁੱਖ ਸਟੇਜ਼ ’ਤੇ ਸੋਦਰ ਰਹਰਾਸਿ ਸਾਹਿਬ ਅਤੇ ਆਰਤੀ ਦੀ ਸੇਵਾ ਬੜੂ ਸਾਹਿਬ ਸੰਸਥਾ ਦੇ ਵਿਦਿਆਰਥੀਆਂ ਨੇ ਨਿਭਾਈ।ਆਸਾ ਕੀ ਵਾਰ ਦਾ ਕੀਰਤਨ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਨਰਿੰਦਰ ਸਿੰਘ ਜੀ ਬਨਾਰਸ ਵਾਲਿਆਂ ਨੇ ਕੀਤਾ।
4 ਅਕਤੂਬਰ ਨੂੰ ਕਾਰ ਸੇਵਾ ਖਡੂਰ ਸਾਹਿਬ ਦੇ ਅੰਤਰਗਤਿ ਪੰਜਾਬ ਅਤੇ ਮੱਧ-ਪ੍ਰਦੇਸ਼ ਵਿੱਚ ਕਾਰਜਸ਼ੀਲ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਧਾਰਮਿਕ ਕੁਇਜ਼ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 9 ਵਿਦਿਅਕ ਅਦਾਰਿਆਂ ਨੇ ਭਾਗ ਲਿਆ। ਇਸ ਉਪਰੰਤ 400 ਸਾਲਾ ਬੰਦੀ ਛੋੜ ਦਿਵਸ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਸੇਵਾ ਸੰਸਥਾ ਦੀ ਪ੍ਰੇਰਣਾ ਸਦਕਾ ਸੰਗਤਾਂ ਵੱਲੋਂ  6 ਹਜ਼ਾਰ ਦੇ ਕਰੀਬ ਕੀਤੇ ਸਹਿਜ ਪਾਠਾਂ ਦੇ ਸੰਗਤੀ ਰੂਪ ਵਿੱਚ ਭੋਗ ਪਾਏ ਗਏ।
ਇਸ ਦੌਰਾਨ ਅੰਤਰ-ਧਰਮ ਸੰਮੇਲਨ ਵੀ ਆਯੋਜਿਤ ਕੀਤਾ ਗਿਆ।4 ਅਕਤੂਬਰ  ਨੂੰ ਰਾਤਰੀ ਦੇ ਦੀਵਾਨਾਂ ਵਿੱਚ ਪੰਥਕ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ।ਪੰਥ ਪ੍ਰਸਿੱਧ ਕਵੀਆਂ ਨੇ ਕਵਿਤਾਵਾਂ ਰਾਹੀਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਨ ਜੀਵਨ ਅਤੇ ਬੰਦੀ ਛੋੜ ਦਿਵਸ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਿਆਂ ਕੀਤਾ।ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਭਾਈ ਜਰਨੈਲ ਸਿੰਘ ਜੀ ਅਤੇ ਭਾਈ ਕਰਨੈਲ ਸਿੰਘ ਜੀ ਜੀ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸ੍ਰਵਣ ਕਰਵਾ ਕੇ ਨਿਹਾਲ ਕੀਤਾ।ਗੁਰਮਤਿ ਸਮਾਗਮਾਂ ਦੌਰਾਨ ਭਾਈ ਨਿਰਮਲ ਸਿੰਘ ਨੂਰ ਅਤੇ ਸੁਖਪ੍ਰੀਤ ਸਿੰਘ ਜੀ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਗੁਰੂ ਜਸ ਸਰਵਣ ਕਰਵਾਇਆ।ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉੱਚੇਚੇ ਤੌਰ ’ਤੇ ਹਾਜ਼ਰੀ ਭਰੀ ਅਤੇ ਸਿੱਖ ਸੰਗਤਾਂ ਨਾਲ ਗੁਰਬਾਣੀ ਅਤੇ ਇਤਿਹਾਸ ਸੰਬੰਧੀ ਕਥਾ ਰਾਹੀ ਸਾਂਝ ਪਾਈ।ਇਸ ਤੋਂ ਇਲਾਵਾ ਭਾਈ ਸੁਖਜੀਤ ਸਿੰਘ ਜੀ ਕਨੱਈਆ ਜੀ ਨੇ ਸੰਗਤਾਂ ਨੂੰ ਕਥਾ-ਵੀਚਾਰਾਂ ਰਾਹੀ ‘ਬੰਦੀ ਛੋੜ ਦਿਵਸ’ ਦੇ ਇਤਿਹਾਸ ਤੋਂ ਜਾਣੂ ਕਰਵਾਇਆ।
    ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਗੁਰਦੁਆਰਾ ਦਾਤਾ ਬੰਦੀ ਛੋੜ ਵਿਖੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਵੱਲੋਂ ਸੰਗਤਾਂ ਲਈ ਗੁਰੂ ਕੇ ਲੰਗਰ, ਜਲ ਅਤੇ ਮੈਡੀਕਲ ਕੈਂਪ ਆਦਿ ਲਗਾ ਕੇ ਸੇਵਾਵਾਂ ਨਿਭਾਈਆਂ। ਇਹਨਾਂ ਸਮਾਗਮਾਂ ਵਿੱਚ ਸਿੱਖ ਧਰਮ ਦੀਆਂ ਸਤਿਕਾਰਤ ਜਥੇਬੰਦੀਆਂ ਦੇ ਮੁਖੀ ਵੀ ਪਹੁੰਚੇ। 6 ਅਕਤੂਬਰ ਨੂੰ ਮੁੱਖ ਸਮਾਗਮ ਵਿੱਚ ਡਾ. ਇੰਦਰਜੀਤ ਸਿੰਘ ਜੀ ਡਾਇਰੈਕਟਰ ਪੰਜਾਬ ਐੈਡ ਸਿੰਧ ਬੈਂਕ ਅਤੇ ਸ. ਬਲਦੇਵ ਸਿੰਘ ਜੀ ਆਈ.ਏ.ਐੱਸ. ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਇਨ੍ਹਾਂ ਦੋਵਾਂ ਸਿੱਖਾਂ ਦੀ ਪ੍ਰੇਰਣਾ ਸਦਕਾ ਖਡੂਰ ਸਾਹਿਬ ਵਿਖੇ ਬਾਬਾ ਉੱਤਮ ਸਿੰਘ ਜੀ ਕੋਲ ਗੁਰਦੁਆਰਾ ਸਾਹਿਬ ਜੀ ਦੀ ਕਾਰ ਸੇਵਾ ਆਰੰਭ ਕਰਨ ਲਈ ਬੇਨਤੀ ਕਰਨ ਆਏ 9 ਸਿੰੰਘਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। 6 ਅਕਤੂਬਰ ਦੇ ਗੁਰਮਤਿ ਸਮਾਗਮ ਉਪਰੰਤ ਨਿਹੰਗ ਸਿੰਘ ਜਥੇਬੰਦੀਆਂ ਨੇ ਖਾਲਸਾਈ ਜਾਹੋ-ਜ਼ਲਾਲ ਨਾਲ ਮੁਹੱਲਾ ਕੱਢਿਆ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ।ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ, ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰੰਥੀ  ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਹਰਿਮੰਦਰ, ਪਟਨਾ ਸਾਹਿਬ ਨਾਂਦੇੜ ਤੋਂ ਵੀ ਨੁੰਮਾਇਦੇ ਵਜੋਂ ਤਖ਼ਤ ਸਾਹਿਬ ਜੀ ਤੋਂ ਗ੍ਰੰਥੀ ਸਿੰਘ ਸਾਹਿਬਾਨ ਪਹੁੰਚੇ।ਇਹਨਾਂ ਸਖ਼ਸ਼ੀਅਤਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ।     ਇਸ ਤੋਂ ਇਲਾਵਾ ਸਮੂਹ ਕਾਰ ਸੇਵਾ ਸੰਸਥਾਵਾਂ ਵੱਲੋਂ ਬਾਬਾ ਨਰਿੰਦਰ ਸਿੰਘ ਜੀ, ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਅਵਤਾਰ ਸਿੰਘ ਜੀ ਮੁਖੀ ਦਲ ਬਾਬਾ ਬਿਧੀ ਚੰਦ ਜੀ , ਨਿਰਮਲੇ ਸੰਪ੍ਰਦਾਇ ਵੱਲੋਂ ਸੰਤ ਤੇਜਾ ਸਿੰਘ ਜੀ, ਸੇਵਾ ਪੰਥੀ ਸੰਪ੍ਰਦਾਇ ਵੱਲੋਂ ਮਹੰਤ ਕਰਮਜੀਤ ਸਿੰਘ ਯਮਨਾਨਗਰ ਵਾਲੇ ਸੰਗਤਾਂ ਨੂੰ ਸੰਬੋਧਨ ਹੋਏ। ਇਸ ਮੌਕੇ ਪਹਿਲਾਂ ਤੋਂ ਮੌਜੂਦ ਦੀਵਾਨ ਹਾਲ ਦਾ ਨਾਂ ਦਰੋਗਾ ਹਰੀਦਾਸ ਜੀ ਦੀਵਾਨ ਹਾਲ ਰੱਖਿਆ ਗਿਆ ਜਦਕਿ ਸਰਾਂ ਦਾ ਨਾਂ ਬਾਬਾ ਬਿਧੀ ਚੰਦ ਜੀ ਦੇ ਨਾਮ ‘ਤੇ ਰੱਖਿਆ ਗਿਆ।
       ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ। ਪਹੁੰਚੀਆਂ ਹੋਈਆਂ ਸਾਰੀਆਂ ਸਖ਼ਸ਼ੀਅਤਾਂ ਨੂੰ ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮਾਂ ਦੀ ਸੰਪੂਰਨਤਾ ਮੌਕੇ ਬਾਬਾ ਸੇਵਾ ਸਿੰਘ ਜੀ ਨੇ ਸਮੂਹ ਸੰਗਤਾਂ ਅਤੇ ਸਮੂਹ ਸਿੱਖ ਜਥੇਬੰਦੀਆਂ ਦਾ,  ਤਨ-ਮਨ ਅਤੇ ਧਨ ਕਰਕੇ ਸੇਵਾਵਾਂ ਨਿਭਾਉਣ ਲਈ ਧੰਨਵਾਦ ਕੀਤਾ।