ਰਜਿ: ਨੰ: PB/JL-124/2018-20
RNI Regd No. 23/1979

ਉਪ ਮੁੱਖ ਮੰਤਰੀ ਰੰਧਾਵਾ ਨੇ ਦੇਰ ਰਾਤ ਕੌਮਾਂਤਰੀ ਸਰਹੱਦ ਨਾਲ ਲੱਗਦੇ ਪੰਜਾਬ ਪੁਲਿਸ ਦੇ ਨਾਕਿਆਂ ਦੀ ਕੀਤੀ ਅਚਨਚੇਤੀ ਚੈਕਿੰਗ
 
BY admin / October 16, 2021
ਅਜਨਾਲਾ/ਡੇਰਾ ਬਾਬਾ ਨਾਨਕ, 16 ਅਕਤੂਬਰ, (ਯੂ.ਐਨ.ਆਈ.)- ਉਪ ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਪੂਰੀ ਰਾਤ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪੰਜਾਬ ਪੁਲਿਸ ਦੇ ਅੰਮਿ੍ਰਤਸਰ (ਦਿਹਾਤੀ), ਬਟਾਲਾ ਤੇ ਗੁਰਦਾਸਪੁਰ ਜ਼ਿਲਿਆਂ ਦੇ ਨਾਕਿਆਂ ਦੀ ਅਚਨਚੇਤੀ ਚੈਕਿੰਗ ਕੀਤੀ।  ਸ. ਰੰਧਾਵਾ ਜਿਨਾਂ ਅੱਜ ਦੇਰ ਰਾਤ ਖੁਦ ਕੌਮਾਂਤਰੀ ਸਰਹੱਦ ਨਾਲ ਲੱਗਦੇ ਅਜਨਾਲਾ, ਡੇਰਾ ਬਾਬਾ ਨਾਨਕ, ਕਲਾਨੌਰ ਆਦਿ ਖੇਤਰਾਂ ਦੇ ਪੰਜਾਬ ਪੁਲਿਸ ਦੇ ਨਾਕਿਆਂ ਦੀ ਸਥਿਤੀ ਦਾ ਜ਼ਮੀਨੀ ਪੱਧਰ ਉਤੇ ਜਾਇਜ਼ਾ ਲਿਆ, ਪੰਜਾਬ ਪੁਲਿਸ ਨੂੰ ਚੌਕਸ ਰਹਿਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਸੁਰੱਖਿਆ, ਅਮਨ- ਕਾਨੂੰਨ ਦੇ ਮਾਮਲੇ ਵਿੱਚ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਕੋਤਾਹੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਚੈਕਿੰਗ ਦੌਰਾਨ ਪੂਰੀ ਮੁਸਤੈਦੀ ਨਾਲ ਡਿਊਟੀ ਕਰ ਰਹੇ ਪੁਲਿਸ ਕਰਮੀਆਂ ਦੀ ਗ੍ਰਹਿ ਮੰਤਰੀ ਨੇ ਪਿੱਠ ਥਾਪੜਦਿਆਂ ਕਿਹਾ ਕਿ ਉਹ ਅਚਨਚੇਤ ਉਲੀਕੇ ਇਸ ਪ੍ਰੋਗਰਾਮ ਦੌਰਾਨ ਜਗਦੇਵ ਖੁਰਦ, ਗਾਗੋ ਮਹਿਲ, ਦਰਿਆ ਮੂਸਾ, ਸਿੰਘਪੁਰਾ, ਘੋਨੇਵਾਲਾ ਪੁੱਲ ਵਿਖੇ ਤਾਇਨਾਤ ਨਾਕਿਆਂ ਉਤੇ ਪੁਲਿਸ ਵੱਲੋਂ ਤਨਦੇਹੀ ਨਾਲ ਡਿਊਟੀ ਨਿਭਾਏ ਜਾਣ ਤੋਂ ਪੂਰੀ ਤਰਾਂ ਸੰਤੁਸ਼ਟ ਹਨ। ਸ ਰੰਧਾਵਾ ਜਿਨਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਆਖਿਆ ਕਿ ਸੂਬੇ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਅਤੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਪੰਜਾਬ ਪੁਲਿਸ ਪੂਰੀ ਤਰਾਂ ਸਮਰੱਥ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਦਾਇਰਾ 50 ਕਿਲੋ ਮੀਟਰ ਤੱਕ ਵਧਾਉਣ ਦੇ ਫੈਸਲੇ ਨਾਲ ਸੂਬਿਆਂ ਦੀਆਂ ਪੁਲਿਸ ਬਲਾਂ ਨੂੰ ਕਮਜ਼ੋਰ ਸਿੱਧ ਕਰਨ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ।  ਉਪ ਮੁੱਖ ਮੰਤਰੀ ਨੇ ਨਾਲ ਹੀ ਸਰਹੱਦੀ ਖੇਤਰ ਦੇ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਬਾਰੇ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੀ ਅਤੇ ਇਸ ਮਾਮਲੇ ਵਿੱਚ ਕੋਈ ਵੀ ਲਾਪਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਸੁਆਰਥੀ ਤੱਤਾਂ ਵੱਲੋਂ ਆਪਣੇ ਸੌੜੇ ਹਿੱਤਾਂ ਲਈ ਪੰਜਾਬ ਖਾਸ ਕਰਕੇ ਕੌਮਾਂਤਰੀ ਸਰਹੱਦ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਖਿਲਾਫ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਇੱਥੋਂ ਦੇ ਲੋਕ ਪੂਰੀ ਤਰਾਂ ਸੁਰੱਖਿਅਤ ਹਨ।
ਸੂਬੇ ਵਿੱਚ ਪਾਕਿਸਤਾਨ ਤੋਂ ਦਰਪੇਸ਼ ਖਤਰੇ ਸਬੰਧੀ ਗੁੰਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਨੂੰ ਵਰਜਦਿਆਂ ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਨੇ ਔਖੇ ਵੇਲਿਆਂ ਵਿੱਚ ਵਿਰੋਧੀਆਂ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਅਤੇ ਹੁਣ ਤਾਂ ਪੰਜਾਬ ਵਿੱਚ ਅਮਨ-ਸ਼ਾਂਤੀ ਦਾ ਮਾਹੌਲ ਹੈ ਜਿੱਥੇ ਸਭ ਧਰਮਾਂ, ਜਾਤਾਂ, ਫਰਿਕਿਆਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ ਅਤੇ ਪੰਜਾਬੀਆਂ ਨੇ ਵੰਡ ਪਾਓ ਤਾਕਤਾਂ ਨੂੰ ਸਦਾ ਭਾਜੀ ਮੋੜੀ ਹੈ। ਉਪ ਮੁੱਖ ਮੰਤਰੀ ਨੇ ਇਕ ਗੱਲ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਜਦੋਂ ਵੀ ਲੋੜ ਪਈ ਤਾਂ ਹਰ ਕੁਰਬਾਨੀ ਦਿੱਤੀ ਜਾਵੇਗੀ। ਉਨਾਂ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਕਿਹਾ ਜਿਸ ਨੇ ਹਰ ਫਰੰਟ ‘ਤੇ ਦੇਸ਼ ਦੀ ਰੱਖਿਆ ਕੀਤੀ ਹੈ। ਉਨਾਂ ਕਿਹਾ ਕਿ ਕੇਂਦਰ ਵੱਲੋਂ ਬੀਐਸਐਫ ਸੰਬੰਧੀ ਤਾਜਾ ਫੈਸਲੇ ਨਾਲ ਕੇਂਦਰ ਵੱਲੋਂ ਬੇਲੋੜੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਨ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ।
ਸ. ਰੰਧਾਵਾ ਨੇ ਕਿਹਾ, “ਪੰਜਾਬ ਸਰਕਾਰ ਸਾਡੀਆਂ ਸੁਰੱਖਿਆ ਬਲਾਂ ਨਾਲ ਖੜੀ ਹੈ ਜਿਨਾਂ ਵੱਲੋਂ ਦਿਨ-ਰਾਤ ਦਿੱਤੇ ਜਾਂਦੇ ਪਹਿਰੇ ਸਦਕਾ ਦੇਸ਼ ਵਾਸੀ ਚੈਨ ਦੀ ਨੀਂਦ ਸੌਂਦੇ ਹਨ।”