ਰਜਿ: ਨੰ: PB/JL-124/2018-20
RNI Regd No. 23/1979

ਕਿਸਾਨੀ ਸੰਘਰਸ਼ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ -ਬੀਬੀ ਜਗੀਰ ਕੌਰ
 
BY admin / October 16, 2021
ਅੰਮਿ੍ਰਤਸਰ, 16 ਅਕਤੂਬਰ, (ਨਿਰਮਲ ਸਿੰਘ ਚੌਹਾਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੰਘੂ ਬਾਰਡਰ ’ਤੇ ਬੀਤੇ ਕੱਲ ਵਾਪਰੀ ਘਟਨਾ ਨੂੰ ਦੁੱਖਦਾਈ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਸੰਜੀਦਾ ਹੋ ਕੇ ਕਿਸਾਨੀ ਮਸਲੇ ਦਾ ਹੱਲ ਕੱਢਣ ਵੱਲ ਵਧੇ ਤਾਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਣ। ਉਨਾਂ ਕਿਹਾ ਕਿ ਕੁਝ ਲੋਕ ਜਾਣਬੁਝ ਕੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਅਤੇ ਇਸੇ ਦਾ ਨਤੀਜਾ ਹੈ ਕਿ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨਾਂ ਕਿਹਾ ਕਿ ਸਿੰਘੂ ਬਾਰਡਰ ਵਿਖੇ 10 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਬੈਠੇ ਕਿਸਾਨਾਂ ਦਾ ਮਸਲਾ ਸਰਕਾਰ ਹੱਲ ਨਹੀਂ ਕਰ ਰਹੀ। ਦੂਸਰੇ ਪਾਸੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਚਿੰਤਾਜਨਕ ਹਨ। ਬੀਬੀ ਜਗੀਰ ਕੌਰ ਨੇ ਸਿੰਘੂ ਬਾਰਡਰ ਦੀ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਸੱਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ ਅਤੇ ਇਹ ਵੀ ਸਾਫ਼ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਸ਼ਕਤੀਆਂ ਜਾਣਬੁਝ ਕੇ ਸਿੱਖਾਂ ਨੂੰ ਬਦਨਾਮ ਕਰਨ ਦਾ ਯਤਨ ਕਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਉਥੋਂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ ਨਾਲ ਸਮਾਗਮ ਦੌਰਾਨ ਕੀਤੀ ਗਈ ਧੱਕਾ ਮੁੱਕੀ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨਾਂ ਕਿਹਾ ਕਿ ਗੁਰ ਅਸਥਾਨਾਂ ਵਿਖੇ ਬਦਸਲੂਕੀ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਲਿਹਾਜ਼ਾ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਹੋਵੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਦੀਆਂ ਜ਼ੁੰਮੇਵਾਰ ਸ਼ਖ਼ਸੀਅਤਾਂ ਦਾ ਨਿਰਾਦਰ ਕਰਨਾ ਕੌਮ ਨੂੰ ਬਦਨਾਮ ਕਰਨ ਵਾਲੀ ਕਾਰਵਾਈ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ ’ਚ ਮੁੜ ਅਫ਼ਗਾਨਿਸਤਾਨੀ ਹਥਿਆਰਬੰਦਾਂ ਵੱਲੋਂ ਜ਼ਬਰਦਸਤੀ ਦਾਖ਼ਲ ਹੋਣ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨਾਂ ਕਿਹਾ ਕਿ ਅਫ਼ਗਾਨਿਸਤਾਨ ਅੰਦਰ ਵੱਸਦੇ ਸਿੱਖਾਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਸਹਿਮ ਦੇ ਮਾਹੌਲ ਕਾਰਨ ਸਿੱਖ ਆਪਣੇ ਕਾਰੋਬਾਰ ਵੀ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਹੇ। ਉਨਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਫ਼ਗਾਨਿਸਤਾਨ ਵਿਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ।