ਰਜਿ: ਨੰ: PB/JL-124/2018-20
RNI Regd No. 23/1979

ਮੋਗਾ ਵਿਚ ਸਿਵਲ ਹਸਪਤਾਲ ’ਚ ਚੋਰੀ ਹੋਇਆ ਬੱਚਾ ਪੁਲਿਸ ਨੇ 12 ਘੰਟੇ ’ਚ ਲੱਭਿਆ, ਮਾਂ-ਪਿਓ ’ਚ ਪਈ ਜਾਨ
 
BY admin / December 05, 2021
ਮੋਗਾ, 5 ਦਸੰਬਰ, (ਯੂ.ਐਨ.ਆਈ.)- ਪੰਜਾਬ ਦੇ ਮੋਗਾ ਸ਼ਹਿਰ ਵਿਚ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ‘ਚੋਂ ਸ਼ਨੀਵਾਰ ਦੁਪਹਿਰ ਇਕ ਨੌਜਵਾਨ 8 ਮਹੀਨੇ ਦੇ ਬੱਚੇ ਨੂੰ ਖਿਡਾਉਣ ਬਹਾਨੇ ਅਗਵਾ ਕਰਕੇ ਲੈ ਗਿਆ ਸੀ। ਜਦੋਂ ਤੱਕ ਮਾਂ ਅਤੇ ਦਾਦੀ ਨੇ ਰੌਲਾ ਪਾਇਆ ਉਦੋਂ ਤੱਕ ਮੁਲਜਮ ਬੱਚੇ ਨੂੰ ਲੈ ਕੇ ਫਰਾਰ ਹੋ ਚੁੱਕਾ ਸੀ। ਖਬਰ ਮਿਲਦੇ ਹੀ ਪੁਲਿਸ ਬੱਚੇ ਅਤੇ ਮੁਲਜਮ ਨੂੰ ਲੱਭਣ ‘ਚ ਜੁੱਟ ਗਈ। ਜਿਸ ਤੋਂ 12 ਘੰਟੇ ਬਾਅਦ ਮੋਗਾ ਪੁਲਿਸ ਨੇ ਅਗਵਾ ਹੋਏ ਬੱਚੇ ਨੂੰ ਮਾਪਿਆਂ ਨਾਲ ਮਿਲਾਇਆ। ਇਹ ਬੱਚਾ ਮੋਗਾ ਦੇ ਪ੍ਰੀਤ ਨਗਰ ਤੋਂ ਬਰਾਮਦ ਹੋਇਆ ਹੈ। ਪਿੰਡ ਰੌਂਤਾ ਦੀ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਸਿਮਰਨ ਦੋ ਪੁੱਤਰਾਂ ਦੀ ਮਾਂ ਹੈ। ਸ਼ਨੀਵਾਰ ਸਵੇਰੇ 9 ਵਜੇ ਉਹ ਮੋਗਾ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਨਲਬੰਦੀ ਕਰਵਾਉਣ ਲਈ ਆਈ ਸੀ। ਆਪਰੇਸ਼ਨ ਤੋਂ ਬਾਅਦ ਉਸ ਦੀ ਨੂੰਹ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਨੂੰਹ ਨੂੰ ਘਰ ਲਿਜਾਣ ਲਈ ਉਸ ਦਾ ਪੁੱਤਰ ਕਰਮਜੀਤ ਸਿੰਘ ਗੱਡੀ ਦਾ ਪਤਾ ਕਰਨ ਗਿਆ ਸੀ। ਉਸੇ ਵੇਲੇ ਇਕ ਨੌਜਵਾਨ ਉਨ੍ਹਾਂ ਕੋਲ ਆਇਆ ਅਤੇ ਕੁਰਸੀ ‘ਤੇ ਬੈਠ ਗਿਆ। ਕੁਝ ਦੇਰ ਬੈਠਣ ਤੋਂ ਬਾਅਦ ਉਸ ਨੇ 8 ਮਹੀਨੇ ਦੇ ਪੋਤੇ ਨੂੰ ਖਿਡਾਉਣ ਬਹਾਨੇ ਗੋਦੀ ਵਿਚ ਚੁੱਕ ਲਿਆ ਅਤੇ ਜੱਚਾ-ਬੱਚਾ ਵਾਰਡ ਵਿਚ ਘੁੰਮਣ ਲੱਗਾ। ਕੁਝ ਦੇਰ ਬਾਅਦ ਮੁਲਜਮ ਬੱਚੇ ਨੂੰ ਲੈ ਕੇ ਕਈ ਵਾਰ ਵਾਰਡ ਦੇ ਬਾਹਰ ਅਤੇ ਅੰਦਰ ਆਇਆ। ਇਸ ਤੋਂ ਬਾਅਦ ਅਚਾਨਕ ਉਹ ਬੱਚੇ ਨੂੰ ਲੈ ਕੇ ਹਸਪਤਾਲ ਤੋਂ ਬਾਹਰ ਨਿਕਲ ਗਿਆ। ਡੀ.ਐੱਸਪੀ. ਜਸ਼ਨਦੀਪ ਸਿੰਘ, ਥਾਣਾ ਸਿਟੀ ਸਾਊਥ ਇੰਸਪੈਕਟਰ ਲਕਸ਼ਮਣ ਸਿੰਘ, ਸੀ.ਆਈ.ਏ. ਸਟਾਫ ਇੰਚਾਰਜ ਕਿੱਕਰ ਸਿੰਘ, ਸਪੈਸ਼ਲ ਸੈੱਲ ਇੰਚਾਰਜ ਕੁਲਦੀਪ ਸਿੰਘ ਪੁਲਿਸ ਪਾਰਟੀਆਂ ਦੇ ਨਾਲ ਸਰਕਾਰੀ ਹਸਪਤਾਲ ਪਹੁੰਚੇ। ਪੁਲਿਸ ਟੀਮ ਨੇ ਹਸਪਤਾਲ ਤੋਂ ਨਿਕਲਣ ਵਾਲੇ ਵੱਖ-ਵੱਖ ਰਾਸਤਿਆਂ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ। ਮੋਗਾ ਪੁਲਿਸ ਨੇ 12 ਘੰਟਿਆਂ ‘ਚ ਅਗਵਾ ਹੋਏ ਬੱਚੇ ਨੂੰ ਮਾਪਿਆਂ ਨਾਲ ਮਿਲਾਇਆ। ਇਹ ਬੱਚਾ ਮੋਗਾ ਦੇ ਪ੍ਰੀਤ ਨਗਰ ਤੋਂ ਬਰਾਮਦ ਹੋਇਆ ਹੈ।