ਰਜਿ: ਨੰ: PB/JL-124/2018-20
RNI Regd No. 23/1979

ਭਗਵੰਤ ਮਾਨ ਦੇ ਬਿਆਨ ਦਾ ਭਾਜਪਾ ਆਗੂ ਨੇ ਦਿੱਤਾ ਠੋਕਵਾਂ ਜਵਾਬ
 
BY admin / December 05, 2021
ਚੰਡੀਗੜ੍ਹ, 5 ਦਸੰਬਰ, (ਰਾਜ ਕੁਮਾਰ ਵਰਮਾ)- ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ ਭਾਜਪਾ ਵੱਲੋਂ ਆਫਰ ਦੇਣ ਦੇ ਬਿਆਨ ਦਾ ਭਾਜਪਾ ਦੇ ਸੀਨੀਅਰ ਆਗੂ ਅਨਿਲ ਸਰੀਨ ਵੱਲੋਂ ਠੋਕਵਾਂ ਜਵਾਬ ਦਿੱਤਾ ਗਿਆ ਹੈ। ਅਨਿਲ ਸਰੀਨ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਬਿਆਨ ਸੁਣ ਕੇ ਉਨ੍ਹਾਂ ਨੂੰ ਜਿੱਥੇ ਹੈਰਾਨੀ ਹੋਈ, ਉੱਥੇ ਹਾਸਾ ਵੀ ਆਇਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀਆਂ ਨੌਟੰਕੀਆਂ ਨੂੰ ਸਭ ਜਾਣਦੇ ਹਨ। ਅਨਿਲ ਸਾਰਨ ਨੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹ ਰਹੇ ਹਨ ਪਰ ‘ਆਪ‘ ਸੁਪਰੀਮੋ ਕੇਜਰੀਵਾਲ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਉਹ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਵੱਲੋਂ ਦਿੱਤਾ ਗਿਆ ਬਿਆਨ ਪੂਰੀ ਤਰ੍ਹਾਂ ਬੇ-ਬੁਨਿਆਦ ਹੈ। ਅਨਿਲ ਸਾਰਨ ਨੇ ਕਿਹਾ ਕਿ ਕੇਜਰੀਵਾਲ ਸਾਹਮਣੇ ਆਪਣੀ ਬੁੱਕਤ ਵਧਾਉਣ ਖਾਤਰ ਭਗਵੰਤ ਮਾਨ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਤਾਂ ਜੋ ਉਹ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਲੋਂ ਐਲਾਨ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਖੇਰੂੰ-ਖੇਰੂੰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਭਗਵੰਤ ਮਾਨ ਦੇ ਇਸ ਬਿਆਨ ਦਾ ਪੂਰੀ ਤਰ੍ਹਾਂ ਖੰਡਨ ਕਰਦੀ ਹੈ ਅਤੇ ਇਸ ਤਰ੍ਹਾਂ ਦੀ ਹਲਕੀ ਸਿਆਸਤ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦੀ ਹੈ। ਦੱਸਣਯੋਗ ਹੈ ਕਿ ਭਗਵੰਤ ਮਾਨ ਨੇ ਵੱਡਾ ਖੁਲਾਸਾ ਕਰਦਿਆਂ ਅੱਜ ਇੱਥੇ ਬਿਆਨ ਦਿੱਤਾ ਹੈ ਕਿ ਭਾਜਪਾ ਵੱਲੋਂ ਉਨ੍ਹਾਂ ਨੂੰ 4 ਦਿਨ ਪਹਿਲਾਂ ਬਹੁਤ ਵੱਡੇ ਆਗੂ ਦਾ ਫੋਨ ਆਇਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਮਾਨ੍ਹ ਸਾਹਿਬ ਭਾਜਪਾ ‘ਚ ਆਉਣ ਦਾ ਕੀ ਲਵੋਗੇ, ਰਕਮ ਚਾਹੀਦੀ ਹੈ ਜਾਂ ਤੁਹਾਨੂੰ ਕੇਂਦਰੀ ਕੈਬਨਿਟ ‘ਚ ਮੰਤਰੀ ਬਣਾ ਦੇਈਏ। ਤੁਸੀਂ ਆਮ ਆਦਮੀ ਪਾਰਟੀ ਦੇ ਇਕਲੌਤੇ ਐੱਮ. ਪੀ. ਹੋ, ਇਸ ਲਈ ਤੁਹਾਡੇ ’ਤੇ ਐਂਟੀ ਡਿਫੈਕਸ਼ਨ ਲਾਅ ਵੀ ਲਾਗੂ ਨਹੀਂ ਹੁੰਦਾ, ਜੇ ਤੁਸੀਂ ਭਾਜਪਾ ਵਿਚ ਆਉਂਦੇ ਹੋ ਤਾਂ ਤੁਹਾਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਜਾਵੇਗਾ, ਅਹੁਦਾ ਤੁਸੀਂ ਦੱਸ ਦਿਓ ਕਿਹੜਾ ਚਾਹੀਦਾ ਹੈ।