ਰਜਿ: ਨੰ: PB/JL-124/2018-20
RNI Regd No. 23/1979

ਰਾਘਵ ਚੱਢਾ ਤੋਂ ਬਾਅਦ ਚੰਨੀ ਪੁੱਜੇ ਮਾਈਨਿੰਗ ਦੀ ਚੈਕਿੰਗ ਕਰਨ, ਕਿਹਾ-ਪਹਿਲਾਂ ਆਪਣੀ ਦਿੱਲੀ ਸੰਭਾਲੋ
 
BY admin / December 05, 2021
ਰੋਪੜ- ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਪੜ ਵਿਖੇ ਮਾਈਨਿੰਗ ਸਾਈਟ ’ਤੇ ਜਾ ਕੇ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਘਵ ਚੱਢਾ ਵੱਲੋਂ ਬੀਤੇ ਦਿਨ ਮਾਈਨਿੰਗ ਸਾਈਟ ’ਤੇ ਕੀਤੀ ਗਈ ਛਾਪੇਮਾਰੀ ਦਾ ਕਰਾਰਾ ਜਵਾਬ ਵੀ ਦਿੱਤਾ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਘਵ ਚੱਢਾ ਬਿਨਾਂ ਸਾਡੀ ਇਜਾਜ਼ਤ ਦੇ ਦਿੱਲੀ ਤੋਂ ਇਸ ਹਲਕੇ ’ਚ ਆਏ ਸਨ ਅਤੇ ਸਾਡੇ ਪੰਜਾਬ ’ਚ ਆ ਕੇ ਖਲਲ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਨੇਤਾ ਬਿਨਾਂ ਕਿਸੇ ਕਾਰਨ ਆ ਕੇ ਇਥੇ ਖਲਲ ਪਾਉਂਦੇ ਹਨ, ਉਹ ਪਹਿਲਾਂ ਆਪਣੀ ਦਿੱਲੀ ਸੰਭਾਲਣ। ਦਰਅਸਲ ਚਰਨਜੀਤ ਸਿੰਘ ਚੰਨੀ ਅੱਜ ਰੋਪੜ ਵਿਖੇ ਹਵੇਲੀ ਪਿੰਡ ਦੀ ਖੱਡ ’ਤੇ ਗਏ, ਜਿੱਥੇ ਉਨ੍ਹਾਂ ਨੇ ਮਾਈਨਿੰਗ ਦਾ ਜਾਇਜ਼ਾ ਲਿਆ। ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਮੁੱਖ ਮੰਤਰੀ ਚੰਨੀ ਦੇ ਹਲਕੇ ’ਚ ਖੱਡ ’ਤੇ ਜਾ ਕੇ ਛਾਪੇਮਾਰੀ ਕਰਨ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਦੇ ਇਲਜ਼ਾਮ ਲਗਾਏ ਸਨ।  ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੁਝ ਦਿਨਾਂ ਤੋਂ ਦਿੱਲੀ ਤੋਂ ਆ ਕੇ ਆਮ ਆਦਮੀ ਪਾਰਟੀ ਦੇ ਕੁਝ ਲੋਕ ਪੰਜਾਬ ’ਚ ਖਲਲ ਪਾ ਰਹੇ ਹਨ, ਜੋਕਿ ਬਿਲਕੁਲ ਅਨਆਥੀਰਾਈਜ਼ਡ ਹੈ। ਉਨ੍ਹਾਂ ਕਿਹਾ ਕਿ ਸਾਡੇ ਹਲਕੇ ’ਚ ਦਰਿਆ ਵਿੱਚ ਜੋ ਖੱਡ ਹੈ, ਉਹ ਬਿਲਕੁਲ ਲੀਗਲ ਹੈ ਅਤੇ ਰੇਤਾ ਇਥੇ 5 ਰੁਪਏ ਦੇ ਹਿਸਾਬ ਨਾਲ ਹੀ ਵਿੱਕ ਰਹੀ ਹੈ।
ਕੱਲ੍ਹ ਵੀ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਇਕ ਵੀ ਗਲਤ ਰੇਟ ਨਹੀਂ ਦੱਸਿਆ ਸੀ। ਜੋ ਇਥੇ ਖਲਲ ਪਾ ਰਹੇ ਹਨ, ਉਹ ਪਹਿਲਾਂ ਆਪਣੀ ਦਿੱਲੀ ਸੰਭਾਲਣ। ਸਾਡੇ ਪੰਜਾਬ ’ਚ ਖਲਲ ਨਾ ਪਾਉਣ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਰੇਤਾ ਸਸਤੀ ਹੈ ਤਾਂ ਗੈਰ-ਕਾਨੂੰਨੀ ਤਰੀਕੇ ਨਾਲ ਕੌਣ ਵੇਚੇਗਾ। ਉਨ੍ਹਾਂ ਕਿਹਾ ਕਿ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬਾਹਰ ਤੋਂ ਆ ਕੇ ਇਥੇ ਝੂਠ ਬੋਲ ਰਹੇ ਹਨ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੰਨੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਜੋ ਬਾਹਰ ਤੋਂ ਆ ਕੇ ਸਾਨੂੰ ਡਿਕਟੈਟ ਕਰਦੇ ਹਨ, ਉਨ੍ਹਾਂ ਨੂੰ ਨਾ ਰੋਕਿਆ ਤਾਂ ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਰਕਰ, ਜਿੱਥੇ ਮਰਜ਼ੀ ਜਾ ਕੇ ਚੈੱਕ ਕਰ ਸਕਦੇ ਹਨ ਪਰ ਬਾਹਰ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਕੋਈ ਸ਼ਾਮਲਾਟ ਜ਼ਮੀਨ ਨਹੀਂ ਹੈ। ਕਾਲੇ ਅੰਗਰੇਜ਼ ਦਾ ਇਹ ਮਤਲਬ ਹੈ ਕਿ ਅੰਗਰੇਜ਼ ਵਿਦੇਸ਼ ਤੋਂ ਆਏ ਸਨ, ਉਹ ਗੋਰੇ ਸਨ ਪਰ ਇਹ ਹੋਰ ਸੂਬਿਆਂ ਤੋਂ ਹਨ, ਇਹ ਕਾਲੇ ਅੰਗਰੇਜ਼ ਹਨ।