ਰਜਿ: ਨੰ: PB/JL-124/2018-20
RNI Regd No. 23/1979

ਸਿੱਧੂ ਦਾ ਕੇਜਰੀਵਾਲ ਨੂੰ ‘‘ਜੈਸੇ ਕੋ ਤੈਸਾ’’
 
BY admin / December 05, 2021
ਨਵੀਂ ਦਿੱਲੀ, 5 ਦਸੰਬਰ, (ਯੂ.ਐਨ.ਆਈ.)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਸਾਹਮਣੇ ਧਰਨੇ ’ਤੇ ਬੈਠੇ ਹਨ। ਸਿੱਧੂ ਦਿੱਲੀ ਦੇ ਗੈਸਟ ਟੀਚਰਜ਼ (ਅਧਿਆਪਕਾਂ) ਦੀਆਂ ਮੰਗਾਂ ਨੂੰ ਲੈ ਕੇ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਦਰਅਸਲ ਅਧਿਆਪਕ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਸਥਾਈ ਨੌਕਰੀ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਆਲ ਇੰਡੀਆ ਗੈਸਟ ਟੀਚਰਜ਼ ਐਸੋਸੀਏਸ਼ਨ ਦਾ ਸਾਥ ਦੇਣ ਲਈ ਨਵਜੋਤ ਸਿੱਧੂ ਵੀ ਧਰਨੇ ਪ੍ਰਦਰਸ਼ਨ ’ਤੇ ਬੈਠੇ ਹਨ। ਸਿੱਧੂ ਨੇ ਪੁੱਛਿਆ ਕਿ ਅਰਵਿੰਦ ਕੇਜਰੀਵਾਲ ਕਿੱਥੇ ਹਨ? ਦਿੱਲੀ ’ਚ 22 ਹਜ਼ਾਰ ਗੈਸਟ ਟੀਚਰਜ਼ ਤੋਂ ਮਜ਼ਦੂਰਾਂ ਵਾਂਗ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਤੋਂ ਦਿਹਾੜੀ ਕਰਵਾਈ ਜਾ ਰਹੀ ਹੈ। ਨੀਤੀ ਬਣਾ ਕੇ ਵਿਕਾਸ ਕਰਨਾ ਚਾਹੀਦਾ ਹੈ। ਕੇਜਰੀਵਾਲ ਪੰਜਾਬ ਆ ਕੇ ਅਧਿਆਪਕਾਂ ਨੂੰ ਲਾਲਚ ਦੇ ਰਹੇ ਹਨ ਪਰ ਉਹ ਪਹਿਲਾਂ ਇਹ ਦੱਸਣ ਕਿ ਦਿੱਲੀ ਵਿਚ ਗੈਸਟ ਟੀਚਰਜ਼ ਲਈ ਉਨ੍ਹਾਂ ਨੇ ਕੀ ਕੀਤਾ ਹੈ? ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ਦਿੱਲੀ ਦਾ ਸਿੱਖਿਆ ਮਾਡਲ ਇਕ ਕਾਨਟ੍ਰੈਕਟ ਮਾਡਲ ਹੈ। ਦਿੱਲੀ ’ਚ 1031 ਸਰਕਾਰੀ ਸਕੂਲ ਹਨ, ਜਦਕਿ ਸਿਰਫ਼ 196 ਸੂਕਲਾਂ ਵਿਚ ਪਿ੍ਰੰਸੀਪਲ ਹਨ। ਅਧਿਆਪਕਾਂ ਦੇ 45 ਫ਼ੀਸਦੀ ਅਹੁਦੇ ਖਾਲੀ ਹਨ ਅਤੇ 22,000 ਗੈਟਸ ਅਧਿਆਪਕਾਂ ਦੀ ਮਦਦ ਨਾਲ ਦਿਹਾੜੀ ਦੇ ਕੇ ਸਰਕਾਰੀ ਸਕੂਲ ਚਲਾਏ ਜਾ ਰਹੇ ਹਨ। ਹਰ 15 ਦਿਨ ਵਿਚ ਕਾਨਟ੍ਰੈਕਟ ਰਿਵਿਊ ਕੀਤਾ ਜਾਂਦਾ ਹੈ। ਦੱਸਣਯੋਗ ਹੈ ਕਿ ਹਾਲ ਹੀ ’ਚ ਕੇਜਰੀਵਾਲ ਨੇ ਪੰਜਾਬ ਪਹੁੰਚ ਕੇ ਅਧਿਆਪਕਾਂ ਨਾਲ ਧਰਨਾ ਦਿੱਤਾ ਸੀ। ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਸਿੱਧੂ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ ਕਿ ਸਾਲ 2015 ’ਚ ਆਮ ਆਦਮੀ ਪਾਰਟੀ (ਆਪ) ਨੇ 8 ਲੱਖ ਨੌਕਰੀਆਂ ਅਤੇ 20 ਨਵੇਂ ਕਾਲਜਾਂ ਦਾ  ਵਾਅਦਾ ਕੀਤਾ ਸੀ। ਨੌਕਰੀਆਂ ਅਤੇ ਕਾਲਜ ਕਿੱਥੇ ਹਨ? ਕੇਜਰੀਵਾਲ ਸਰਕਾਰ ਨੇ ਦਿੱਲੀ ’ਚ ਸਿਰਫ਼ 440 ਨੌਕਰੀਆਂ ਦਿੱਤੀਆਂ ਹਨ। ਦਿੱਲੀ ਵਿਚ ਬੇਰੁਜ਼ਗਾਰੀ ਦਰ ਪਿਛਲੇ 5 ਸਾਲਾਂ ਵਿਚ ਲੱਗਭਗ 5 ਗੁਣਾ ਵਧ ਗਈ ਹੈ। ਸਿੱਧੂ ਨੇ ਇਸ ਦੇ ਨਾਲ ਹੀ ਕਿਹਾ ਕਿ ਸਾਲ 2015 ’ਚ ਦਿੱਲੀ ’ਚ ਅਧਿਆਪਕਾਂ ਦੇ 12,515 ਅਹੁਦੇ ਖਾਲੀ ਸਨ। ਸਾਲ 2021 ’ਚ ਦਿੱਲੀ ’ਚ ਅਧਿਆਪਕਾਂ ਦੇ 19,907 ਅਹੁਦੇ ਖਾਲੀ ਹਨ। ਸਰਕਾਰ ਗੈਸਟ ਟੀਚਰਜ਼ ਦੇ ਜ਼ਰੀਏ ਖਾਲੀ ਅਹੁਦਿਆਂ ਨੂੰ ਭਰ ਰਹੀ ਹੈ। ਨਵਜੋਤ ਸਿੱਧੂ ਅੱਜ ਦਿੱਲੀ ‘ਚ ਗੈਸਟ ਟੀਚਰਾਂ ਦੇ ਧਰਨੇ ‘ਚ ਪਹੁੰਚੇ। ਗੈਸਟ ਟੀਚਰਾਂ ਨੇ ਕੇਜਰੀਵਾਲ ਦੀ ਰਿਹਾਇਸ਼ ਨੇੜੇ ਧਰਨਾ ਲਾਇਆ ਹੋਇਆ ਸੀ ਜਿਸ ਵਿਚ ਨਵਜੋਤ ਸਿੰਘ ਸਿੱਧੂ ਪਹੁੰਚੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਧਰਨੇ ਵਿਚ ਪਹੁੰਚਣ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਸੀ। ਧਰਨੇ ਵਿਚ ਪਹੁੰਚੇ ਸਿੱਧੂ ਨੇ ਕੇਜਰੀਵਾਲ ਸਰਕਾਰ ਉਤੇ ਵਾਅਦਾਖਿਲਾਫੀ ਦਾ ਦੋਸ਼ ਲਾਇਆ। ਦੱਸ ਦਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਪੰਜਾਬ ਕਾਂਗਰਸ ਵਿਚ ਖੁੱਲ੍ਹੀ ਜੰਗ ਚੱਲ ਰਹੀ ਹੈ। ਦੋ ਦਿਨ ਪਹਿਲਾਂ ਦਿੱਲੀ ਦੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਚੈਕਿੰਗ ਕੀਤੀ ਸੀ ਜਿਸ ਤੋਂ ਬਾਅਦ ਅੱਜ ਸਿੱਧੂ ਦਿੱਲੀ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਤੁਰ ਪਏ ਹਨ।