ਰਜਿ: ਨੰ: PB/JL-124/2018-20
RNI Regd No. 23/1979

ਜਲਦੀ ਲਿਆਂਵਾਂਗੇ ਸਿੱਖਿਆ ਦਾ ਨਵਾਂ ਮਾਡਲ - ਚੰਨੀ
 
BY admin / December 06, 2021
ਅੰਮਿ੍ਰਤਸਰ, 6 ਦਸੰਬਰ, (ਨਿਰਮਲ ਸਿੰਘ ਚੋਹਾਨ, ਅਰਵਿੰਦਰ ਵੜੈਚ)- ਪੰਜਾਬ ਦੇ ਮੁੱਖ ਮੰੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਚੰਗੀ ਸਿਖਿਆ ਦੇ ਬਿਨਾ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ ਇਸ ਲਈ ਪੰਜਾਬ ਸਰਕਾਰ ਨਵਾਂ ਸਿਖਿਆ ਮਾਡਲ ਲੈ ਕੇ ਆ ਰਹੀ ਹੈ ਜਿਸ ਦੇ ਵਿਚ ਜਿਥੇ ਸਾਰਿਆਂ ਨੂੰ ਚੰਗੀ ਤੇ ਸਸਤੀ ਸਿਖਿਆ ਮੁਹਈਆ ਕਰਵਾਈ ਜਾਵੇਗੀ ਉਥੇ ਸਿਖਿਆ ਨੂੰ ਰੋਜ਼ਗਾਰਮੁਖੀ ਵੀ ਬਣਾਇਆ ਜਾਵੇਗਾ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਡਾ. ਬੀ.ਆਰ. ਅੰਬੇਦਕਰ ਚੇਅਰ, ਸੰਤ ਕਬੀਰ ਚੇਅਰ, ਬਾਬਾ ਜੀਵਨ ਸਿੰਘ / ਭਾਈ ਜੈਤਾ ਜੀ ਚੇਅਰ, ਮੱਖਣ ਸ਼ਾਹ ਲੁਬਾਣਾ ਚੇਅਰ ਅਤੇ ਭਗਵਾਨ ਬਾਲਮੀਕੀ ਚੇਅਰ ਦਾ ਉਦਘਾਟਨ ਕਰਨ ਸਮੇਂ ਪੁੱਜੇ ਸਨ। ਉਨ੍ਹਾਂ ਨੇ ਪੰਜਾਬ ਦੇ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਸਭਿਆਚਾਰਕ ਹਲਾਤਾਂ ਦੀ ਗੱਲ ਕਰਦਿਆਂ ਕਿਹਾ ਕਿ ਗਰੀਬੀ ਦੇ ਵਿਚੋਂ ਸਿਖਿਆ ਹੀ ਬਾਹਰ ਕੱਢ ਸਕਦੀ ਹੈ ਇਸ ਕਰਕੇ ਪੰਜਾਬ ਸਰਕਾਰ ਆਟਾ ਦਾਲ ਵਾਲੀ ਸੌੜੀ ਮਾਨਸਿਕ ਸੋਚ ਵਿਚੋਂ ਬਾਹਰ ਕੱਢ ਕੇ ਪੰਜਾਬ ਦੇ ਬੱਚਿਆਂ ਨੂੰ ਸਸਤੀ ਅਤੇ ਉਚ ਪਾਏ ਦੀ ਸਿਖਿਆ ਮੁਹਈਆ ਕਰਵਾਉਣ ’ਤੇ ਜ਼ੋਰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਗਰੀਬ ਭਾਵੇਂ ਕਿਸੇ ਵੀ ਜਾਤੀ ਜਾਂ ਵਰਗ ਦਾ ਹੋਵੇ ਉਸ ਲਈ ਸਿਖਿਆ ਅਤੇ ਸਿਹਤ ਸਹੂਲਤਾਂ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸਥਾਪਤ ਕੀਤੀਆਂ ਜਾ ਰਹੀਆਂ ਪੰਜ ਚੇਅਰ ਦੇ ਹਵਾਲੇ ਨਾਲ ਕਿਹਾ ਕਿ ਸਮਾਜ ਨੂੰ ਉੱਚਾ ਚੁੱਕਣ ਦੇ ਲਈ ਜੋ ਇਨ੍ਹਾਂ ਸਖਸ਼ੀਅਤਾਂ ਨੇ ਆਪਣੇ ਰੋਲ ਅਦਾ ਕੀਤੇ ਹਨ ਉਨ੍ਹਾਂ ਨੂੰ ਆਉਣ ਵਾਲੀਆਂ ਪੀੜੀਆਂ ਤਕ ਪਹੁੰਚਾਉਣਾ ਜਰੂਰੀ ਹੈ। ਇਸੇ ਮਕਸਦ ਨਾਲ ਹੀ ਸਮਾਜ ਨੂੰ ਉੱਚਾ ਚੁੱਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਚੇਅਰ ਦੀ ਸਥਾਪਨਾ ਕੀਤੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਨ੍ਹਾਂ ਚੇਅਰ ਲਈ ਕੀਤੇ ਜਾਣ ਵਾਲੇ ਉਪਰਾਲਿਆਂ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪਹੁੰਚ ਕੇ ਉਨ੍ਹਾਂ ਨੂੰ ਇੰਝ ਮਹਿਸੂਸ ਹੋਇਆ ਹੈ ਕਿ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਨਹੀਂ ਪੜ੍ਹਿਆ, ਉਹ ਪੜ੍ਹਿਆ ਹੀ ਨਹੀਂ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਖੁੱਲ੍ਹੇ ਦਿਲ ਨਾਲ ਗ੍ਰਾਂਟਾਂ ਦੇਣ ਦੀ ਪ੍ਰ੍ਰੋੜਤਾ ਕਰਦਿਆਂ ਕਿਹਾ ਕਿ ਸਿਖਿਆ ਦੇ ਪੱਧਰ ਨੂੰ ਉਚਾ ਚੁੱਕਣ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਜੋ ਵੀ ਯੋਜਨਾਵਾਂ ਬਣਾਉਣਗੇ ਉਨ੍ਹਾਂ ਉਪਰ ਪਹਿਰਾ ਦਿੱਤਾ ਜਾਵੇਗਾ ਅਤੇ ਯੂਨੀਵਰਸਿਟੀ ਦੀ ਵਿਤ ਨਾਲ ਸਬੰਧਤ ਹੋ ਜੋ ਘਾਟੇ ਵਾਧੇ ਹੋਣਗੇ ਉਹ ਵੀ ਪੂਰੇ ਕੀਤੇ ਜਾਣਗੇ। ਉਨ੍ਹਾਂ ਇਹ ਵੀ ਆਸ ਪ੍ਰਗਟਾਈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜਿਹੜੀਆਂ ਚੇਅਰਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਦੀ ਅਗਵਾਈ ਕਰ ਰਹੇ ਮੁਖੀ ਅਤੇ ਅਧਿਆਪਕ ਚੰਗੀ ਖੋਜ ਅਤੇ ਨਤੀਜੇ ਦੇਣਗੇ ਜਿਸ ਨਾਲ ਸਮਾਜ ਨੂੰ ਸੇਧ ਮਿਲੇਗੀ।  ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੀ ਅੱਜ ਬਰਸੀ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਾਏ ਗਏ ਪੂਰਨਿਆਂ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਜਲੰਧਰ ਵਿਚ ਸੌ ਕਰੋੜ ਰੁਪਏ ਦੀ ਲਾਗਤ ਨਾਲ ਮਿਊਜ਼ੀਅਮ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਢੇਡ ਸਾਲ ਵਿਚ ਮੁਕੰਮਲ ਹੋ ਜਾਵੇਗਾ। ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਛੇ ਮਹਾਨ ਸਖਸ਼ੀਅਤਾਂ ’ਤੇ ਸਥਾਪਤ ਹੋ ਰਹੀਆਂ ਚੇਅਰ ਵਾਲੇ ਅੱਜ ਦੇ ਦਿਨ ਨੂੰ ਵੱਡਾ ਇਤਿਹਾਸਕ ਦਿਨ ਦਸਦਿਆਂ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਭਲਾਈ ਕੰਮਾਂ ਦੇ ਨਾਲ ਨਾਲ ਪੜ੍ਹਾਈ, ਸਿਹਤ ਅਤੇ ਹੋਰ ਸੇਵਾਵਾਂ ਮੁਹਈਆ ਕਰਵਾਏ। ਬੱਚਿਆਂ ਅਤੇ ਪੰਜਾਬ ਦੇ ਭਵਿੱਖ ਲਈ ਮੁਫਤ ਜਾਂ ਸਸਤੀ ਸਿਖਿਆ ਮੁਹਈਆ ਕਰਵਾਉਣੀ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਸ ਦੇ ਨਾਲ ਪੰਜਾਬ ਸਰਕਾਰ ਵੱਲੋਂ ਜੋ ਸਿਖਿਆ ਦਾ ਨਵਾਂ ਮਾਡਲ ਤਿਆਰ ਕੀਤਾ ਜਾ ਰਿਹਾ ਹੈ ਉਹ ਵੀ ਜਲਦੀ ਲੋਕਾਂ ਦੀ ਕਚਹਿਰੀ ਵਿਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਲਾ ਦੇ ਖੇਤਰ ਵਿਚ ਅੰਮਿ੍ਰਤਸਰ ਦੀਆਂ ਮਹਾਨ ਸਖਸ਼ੀਅਤਾਂ ਵੱਲੋਂ ਨਿਭਾਏ ਗਏ ਰੋਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਗੁਰਮੀਤ ਬਾਵਾ ਜੀ ਦੀ ਯਾਦ ਵਿਚ ਸੰਗੀਤ ਅਕਾਦਮੀ ਵੀ ਸਥਾਪਤ ਕਰਨਾ ਚਾਹੁੰਦੀ ਹੈ।    ਮੁੱਖ ਮੰਤਰੀ ਅਤੇ ਹੋਰਨਾਂ ਸਖਸ਼ੀਅਤਾਂ ਦਾ ਯੂਨੀਵਰਸਿਟੀ ਪੁੱਜਣ ’ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਅਤੇ ਮਹਿਮਾਨਾਂ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਉਨ੍ਹਾਂ। ਯੂਨੀਵਰਸਿਟੀ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਉਂਦਿਆਂ ਉਚੇਰੀ ਸਿਖਿਆ ਵਿਚ ਪਾਏ ਗਏ ਯੋਗਦਾਨ ਦੇ ਹਵਾਲੇ ਨਾਲ ਯੂਨੀਵਰਸਿਟੀ ਲਈ ਹੋਰ ਵੀ ਗ੍ਰਾਂਟ ਜਾਰੀ ਕਰਨ ਲਈ ਮੰਗ ਰੱਖੀ।  ਇਸ ਮੌਕੇ ਸ. ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਡਾ. ਰਾਜਕੁਮਾਰ ਵੇਰਕਾ, ਮੈਂਬਰ ਲੋਕ ਸਭਾ ਸ. ਗੁਰਜੀਤ ਸਿੰਘ ਔਜਲਾ ਅਤੇ ਡਿਪਟੀ ਸਪੀਕਰ ਸ. ਅਜੈਬ ਸਿੰਘ ਭੱਟੀ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਸਿਖਿਆ ਤੇ ਖੋਜ ਪ੍ਰਤੀ ਜਾਗਰੂਕਤਾ ਵਿਖਾਉਂਦੇ ਹੋਏ ਜੋ ਚੇਅਰ ਸਥਾਪਤ ਕੀਤੀਆਂ ਹਨ ਉਹ ਆਉਣ ਵਾਲੇ ਸਮਾਜ ਲਈ ਰਾਹ ਦਸੇਰਾ ਸਾਬਤ   ਇਸ ਮੌਕੇ ਡਾ. ਕੁਲਦੀਪ ਕੌਰ, ਡਾ. ਐਚ.ਕੇ.ਪੁਰੀ, ਡਾ. ਅਮਰਜੀਤ ਸਿੰਘ, ਡਾ. ਸਰਬਜਿੰਦਰ ਸਿੰਘ ਅਤੇ ਡਾ. ਸੁਧਾ ਜਤਿੰਦਰ ਨੇ ਜਿਨ੍ਹਾਂ ਮਹਾਨ ਸਖਸ਼ੀਅਤਾਂ ਉਪਰ ਇਹ ਚੇਅਰ ਸਥਾਪਤ ਕੀਤੀਆਂ ਜਾ ਰਹੀਆਂ ਹਨ, ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਮੈਂਬਰ ਲੋਕ ਸਭਾ ਮੁਹੰਮਦ ਸਦੀਕ, ਸੁਖਮਿੰਦਰ ਸਿੰਘ ਡੈਨੀ, ਹਰਪ੍ਰਤਾਪ ਸਿੰਘ ਅਜਨਾਲਾ, ਫਤਿਹਜੰਗ ਸਿੰਘ ਬਾਜਵਾ, ਤਰਸੇਮ ਸਿੰਘ ਡੀਸੀ, ਬਲਵਿੰਦਰ ਸਿੰਘ ਧਾਰੀਵਾਲ, ਹਰਮਿੰਦਰ ਸਿੰਘ ਗਿੱਲ, ਬਲਵਿੰਦਰ ਸਿੰਘ ਲਾਡੀ, ਇੰਦਰਬੀਰ ਸਿੰਘ ਬੋਲਾਰੀਆ (ਸਾਰੇ ਵਿਧਾਇਕ), ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਜੋਗਿੰਦਰਪਾਲ ਢੀਂਗਰਾ, ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ, ਮੇਅਰ ਕਰਮਜੀਤ ਸਿੰਘ ਰਿੰਟੂ, ਨਵਦੀਪ ਸਿੰਘ ਗੋਲਡੀ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਵੱਲੋਂ ਉਚੇਚੇ ਤੌਰ ’ਤੇ ਹਾਜਰੀ ਭਰੀ ਜਦੋਂਕਿ ਓ.ਐਸ.ਡੀ. ਵਾਈਸ ਚਾਂਸਲਰ ਪ੍ਰੋ. ਸਰਬਜੋਤ ਸਿੰਘ ਬਹਿਲ, ਪ੍ਰੋ. ਹਰਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਅਤੇ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਵਿਦਿਆਰਥੀ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ। ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।