ਰਜਿ: ਨੰ: PB/JL-124/2018-20
RNI Regd No. 23/1979

ਮੋਦੀ ਦੀ ਭਾਜਪਾ ਸੰਸਦ ਮੈਂਬਰਾਂ ਨੂੰ ਚਿਤਾਵਨੀ ‘ਬਦਲ ਜਾਓ, ਨਹੀਂ ਤਾਂ ਬਦਲ ਦਿੱਤੇ ਜਾਓਗੇ’
 
BY admin / December 07, 2021
ਨਵੀਂ ਦਿੱਲੀ, 7 ਦਸੰਬਰ, (ਯੂ.ਐਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਸੈਸਨ ਦੌਰਾਨ ਸੰਸਦ ਮੈਂਬਰਾਂ ਦੀ ਗੈਰ-ਹਾਜਰੀ ‘ਤੇ ਸਖਤ ਰੁਖ ਅਖਤਿਆਰ ਕੀਤਾ ਹੈ। ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਉਨ੍ਹਾਂ ਕਿਹਾ ਕਿ ਸਾਰੇ ਸੰਸਦ ਮੈਂਬਰਾਂ ਨੂੰ ਸਦਨ ‘ਚ ਰਹਿਣਾ ਚਾਹੀਦਾ ਹੈ। ਚਾਹੇ ਕੋਈ ਬਿੱਲ ਹੈ ਜਾਂ ਨਹੀਂ। ਪ੍ਰਧਾਨ ਮੰਤਰੀ ਨੇ ਸਖਤੀ ਨਾਲ ਕਿਹਾ ਕਿ ਸੰਸਦ ਮੈਂਬਰਾਂ ਨੂੰ ਆਪਣੇ ਆਪ ਵਿੱਚ ਬਦਲਾਅ ਲਿਆਉਣਾ ਚਾਹੀਦਾ ਹੈ, ਨਹੀਂ ਤਾਂ ਬਦਲਾਅ ਆਪਣੇ ਆਪ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਕਿਹਾ, ‘ਕਿਰਪਾ ਕਰਕੇ ਸੰਸਦ ਅਤੇ ਮੀਟਿੰਗਾਂ ‘ਚ ਨਿਯਮਿਤ ਤੌਰ ‘ਤੇ ਹਾਜਰ ਰਹੋ। ਬੱਚਿਆਂ ਵਾਂਗ ਵਾਰ-ਵਾਰ ਸਮਝਾਉਣਾ ਮੇਰੇ ਲਈ ਚੰਗਾ ਨਹੀਂ ਹੈ। ਆਪਣੇ ਆਪ ਨੂੰ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਤਬਦੀਲੀਆਂ ਹੋਣਗੀਆਂ। ਪੀਐਮ ਦਾ ਇਹ ਸਖਤ ਰੁਖ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਹੈ ਜਦੋਂ ਵਿਰੋਧੀ ਧਿਰ ਸੰਸਦ ਦੇ ਸਰਦ ਰੁੱਤ ਸੈਸਨ ਵਿੱਚ ਇਕਜੁੱਟਤਾ ਦਿਖਾਉਂਦੇ ਹੋਏ ਸਰਕਾਰ ਨੂੰ ਲਗਾਤਾਰ ਨਿਸਾਨਾ ਬਣਾ ਰਹੀ ਹੈ। ਨਾਗਾਲੈਂਡ ਗੋਲੀਬਾਰੀ ਅਤੇ ਸੰਸਦ ਮੈਂਬਰਾਂ ਦੀ ਮੁਅੱਤਲੀ ਸਮੇਤ ਕਈ ਮੁੱਦਿਆਂ ‘ਤੇ ਵਿਰੋਧੀ ਧਿਰ ਵੱਲੋਂ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਸੰਸਦ ਦੇ ਮਾਨਸੂਨ ਸੈਸਨ ਦੌਰਾਨ ਵੀ ਪੀਐਮ ਨੇ ਰਾਜ ਸਭਾ ਵਿੱਚ ਭਾਜਪਾ ਦੇ ਸੰਸਦ ਮੈਂਬਰਾਂ ਦੀ ਗੈਰਹਾਜਰੀ ਦੇ ਮੁੱਦੇ ਉੱਤੇ ਨਾਰਾਜਗੀ ਜਤਾਈ ਸੀ। ਸੂਤਰਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਮਾਨਸੂਨ ਸੈਸਨ ਦੌਰਾਨ ਜਦੋਂ ਉਪਰਲੇ ਸਦਨ ਵਿੱਚ ਬਿੱਲ ਪਾਸ ਕੀਤਾ ਗਿਆ ਤਾਂ ਕਈ ਸੰਸਦ ਮੈਂਬਰ ਮੌਜੂਦ ਨਹੀਂ ਸਨ, ਇਸ ਬਾਰੇ ਪ੍ਰਧਾਨ ਮੰਤਰੀ ਨੇ ਸਖਤ ਰੁਖ ਅਪਣਾਇਆ ਸੀ। ਇੰਨਾ ਹੀ ਨਹੀਂ ਉਨ੍ਹਾਂ ਸੰਸਦੀ ਦਲ ਦੀ ਬੈਠਕ ‘ਚ ਰਾਜ ਸਭਾ ‘ਚੋਂ ਗੈਰ-ਹਾਜਰ ਰਹਿਣ ਵਾਲੇ ਸੰਸਦ ਮੈਂਬਰਾਂ ਦੇ ਨਾਂ ਵੀ ਮੰਗੇ ਸਨ।